ਪਾਕਿਸਤਾਨ ਨੂੰ ਹਮਾਇਤ...ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟ
ਭਾਰਤੀ ਫੌਜ ਨੇ ਮੰਗਲਵਾਰ ਨੂੰ 1971 ਦੀ ਇੱਕ ਦਹਾਕਿਆਂ ਪੁਰਾਣੀ ਅਖ਼ਬਾਰ ਦੀ ਕਲਿਪਿੰਗ ਸਾਂਝੀ ਕਰਕੇ ਅਮਰੀਕਾ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ। ਇਸ ਕਲਿਪਿੰਗ ਵਿੱਚ ਪਾਕਿਸਤਾਨ ਨੂੰ ਅਮਰੀਕਾ ਦੀ ਇਤਿਹਾਸਕ ਫੌਜੀ ਹਮਾਇਤ ਨੂੰ ਉਜਾਗਰ ਕੀਤਾ ਗਿਆ ਸੀ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਦੀ ਨਿਰੰਤਰ ਦਰਾਮਦ ਕਰਕੇ ਭਾਰਤੀ ਵਸਤਾਂ ’ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ।
#IndianArmy#EasternCommand#VijayVarsh #LiberationOfBangladesh #MediaHighlights
"This Day That Year" Build Up of War - 05 Aug 1971 #KnowFacts.
"𝑼.𝑺 𝑨𝑹𝑴𝑺 𝑾𝑶𝑹𝑻𝑯 $2 𝑩𝑰𝑳𝑳𝑰𝑶𝑵 𝑺𝑯𝑰𝑷𝑷𝑬𝑫 𝑻𝑶 𝑷𝑨𝑲𝑰𝑺𝑻𝑨𝑵 𝑺𝑰𝑵𝑪𝑬 '54"@adgpi@SpokespersonMoD… pic.twitter.com/wO9jiLlLQf
— EasternCommand_IA (@easterncomd) August 5, 2025
ਭਾਰਤੀ ਫੌਜ ਦੀ ਪੂਰਬੀ ਕਮਾਂਡ ਵੱਲੋਂ ਪੋਸਟ ਕੀਤੀ ਗਈ ਇਹ ਕਲਿਪਿੰਗ 5 ਅਗਸਤ, 1971 ਦੀ ਸੀ ਅਤੇ ਇਸ ਵਿੱਚ ਰਾਜ ਸਭਾ ਦੀ ਇੱਕ ਰਿਪੋਰਟ ਵੀ ਸੀ। ਰਿਪੋਰਟ ਵਿਚ ਤਤਕਾਲੀ ਰੱਖਿਆ ਮੰਤਰੀ ਵੀ.ਸੀ. ਸ਼ੁਕਲਾ ਨੇ ਕਿਹਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਅਤੇ ਫਰਾਂਸ ਨੇ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਅਮਰੀਕਾ ਅਤੇ ਚੀਨ ਕਥਿਤ ‘ਮਾਮੂਲੀ ਕੀਮਤਾਂ ਉੱਤੇ ਹਥਿਆਰ ਸਪਲਾਈ ਕਰ ਰਹੇ ਸਨ। ਪੋਸਟ ਦਾ ਕੈਪਸ਼ਨ ਸੀ: ‘‘ਅੱਜ ਦਾ ਦਿਨ, ਉਸ ਸਾਲ- ਜੰਗ ਦੀ ਤਿਆਰੀ, 5 ਅਗਸਤ, 1971’’।
ਟਰੰਪ ਨੇ ਇਸ ਹਫ਼ਤੇ ਕਈ ਦੇਸ਼ਾਂ ’ਤੇ ਟੈਰਿਫ ਵਧਾਉਣ ਵਾਲੇ ਇੱਕ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ, ਜਦੋਂ ਕਿ ਪਾਕਿਸਤਾਨ ’ਤੇ ਲੱਗਣ ਵਾਲੇ ਟੈਰਿਫ ਵਿਚ 10 ਫੀਸਦ ਦੀ ਕਟੌਤੀ ਕਰਕੇ ਇਸ ਨੂੰ 29 ਫੀਸਦ ਤੋਂ 19 ਫੀਸਦ ਕਰ ਦਿੱਤਾ। ਇਸ ਦੇ ਉਲਟ ਅਮਰੀਕਾ ਨੇ ਭਾਰਤ-ਰੂਸ ਤੇਲ ਵਪਾਰ ਦਾ ਹਵਾਲਾ ਦਿੰਦੇ ਹੋਏ, ਟੈਰਿਫ ਵਿੱਚ ਤੇਜ਼ੀ ਨਾਲ ਵਾਧੇ ਦੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਆਪਣੇ ਪਲੈਟਫਾਰਮ ਟਰੁਥ ਸੋਸ਼ਲ ’ਤੇ ਲਿਖਿਆ, ‘‘ਭਾਰਤ ਨਾ ਸਿਰਫ਼ ਵੱਡੀ ਮਾਤਰਾ ਵਿੱਚ ਰੂਸੀ ਤੇਲ ਖਰੀਦ ਰਿਹਾ ਹੈ, ਸਗੋਂ ਉਹ ਇਸ ਨੂੰ ਵੱਡੇ ਮੁਨਾਫ਼ੇ ਲਈ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਰਹੇ ਹਨ।’’ ਟਰੰਪ ਨੇ ਕਿਹਾ, ‘‘ਉਨ੍ਹਾਂ(ਭਾਰਤ) ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਯੂਕਰੇਨ ਵਿੱਚ ਕਿੰਨੇ ਲੋਕ ਮਰ ਰਹੇ ਹਨ। ਇਸ ਕਰਕੇ, ਮੈਂ ਭਾਰਤੀ ਵਸਤਾਂ ’ਤੇ ਟੈਰਿਫ ਵਿੱਚ ਕਾਫ਼ੀ ਵਾਧਾ ਕਰਾਂਗਾ।’’
ਉਧਰ ਭਾਰਤ ਨੇ ਟਰੰਪ ਦੇ ਇਸ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਵਿਚ ਅਮਰੀਕਾ ਅਤੇ ਯੂਰਪੀ ਸੰਘ ਸਮੇਤ ਪੱਛਮੀ ਮੁਲਕਾਂ ਦੇ "ਅਸੰਗਤ ਅਤੇ ਚੋਣਵੀਂ ਪਹੁੰਚ’ ਦੀ ਆਲੋਚਨਾ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸ ਤੋਂ ਤੇਲ ਦਰਾਮਦ ‘ਬਾਜ਼ਾਰ ਦੀ ਲੋੜ’ ਸੀ।