Summons to Yediyurappa: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੂੰ POCSO Case ’ਚ ਸੰਮਨ ਜਾਰੀ
ਬੰਗਲੂਰੂ, 28 ਫਰਵਰੀ
Summons to Yediyurappa: ਬੰਗਲੂਰੂ ਦੀ ਪਹਿਲੀ ਫਾਸਟ ਟਰੈਕ ਅਦਾਲਤ ਨੇ ਸ਼ੁੱਕਰਵਾਰ ਨੂੰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਕੇਂਦਰੀ ਸੰਸਦੀ ਕਮੇਟੀ ਦੇ ਮੈਂਬਰ ਬੀ.ਐਸ. ਯੇਦੀਯੁਰੱਪਾ ਨੂੰ ਜਿਨਸੀ ਜੁਰਮਾਂ ਤੋਂ ਬੱਚਿਆਂ ਦੀ ਹਿਫ਼ਾਜ਼ਤ ਬਾਰੇ ਐਕਟ (ਪੋਕਸੋ-POCSO) ਕੇਸ ਦੇ ਸਬੰਧ ਵਿੱਚ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 15 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਅਦਾਲਤ ਨੇ ਮਾਮਲੇ ਦੇ ਹੋਰ ਮੁਲਜ਼ਮਾਂ, ਵਾਈ.ਐਮ. ਅਰੁਣਾ ਅਤੇ ਰੁਦਰੇਸ਼ ਮਾਰੂਲਸਿਦੱਈਆ ਨੂੰ ਵੀ ਸੰਮਨ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਵੀ ਉਸੇ ਦਿਨ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਅਦਾਲਤ ਨੇ ਮਾਮਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਹੁਕਮ ਪਾਸ ਕੀਤੇ ਹਨ। ਇਸ ਤੋਂ ਪਹਿਲਾਂ ਯੇਦੀਯੁਰੱਪਾ ਨੂੰ ਇਸ ਮਾਮਲੇ ਵਿਚ ਸੰਮਨਾਂ ਤੋਂ ਹਾਈ ਕੋਰਟ ਕੋਲੋਂ ਛੋਟ ਮਿਲੀ ਹੋਈ ਸੀ।
ਯੇਦੀਯੁਰੱਪਾ ਨੇ ਵੀਰਵਾਰ ਨੂੰ ਆਪਣਾ 83ਵਾਂ ਜਨਮਦਿਨ ਮਨਾਇਆ ਅਤੇ ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਉਹ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਰਾਜ ਵਿੱਚ ਮੁੜ ਸੱਤਾ ਵਿੱਚ ਲਿਆਉਣ ਲਈ ਰਾਜਵਿਆਪੀ ਦੌਰਾ ਸ਼ੁਰੂ ਕਰਨਗੇ।
ਇਸ ਤੋਂ ਪਹਿਲਾਂ 7 ਫਰਵਰੀ ਨੂੰ ਕਰਨਾਟਕ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਭਾਜਪਾ ਆਗੂ ਖ਼ਿਲਾਫ਼ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਂਝ ਹਾਈ ਕੋਰਟ ਨੇ ਯੇਦੀਯੁਰੱਪਾ ਨੂੰ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਸੀ, ਜਿਸ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਛੋਟ ਮਿਲ ਗਈ ਸੀ।
ਇਹ ਫ਼ੈਸਲਾ ਜਸਟਿਸ ਐਮ. ਨਾਗਪ੍ਰਸੰਨਾ ਦੀ ਅਗਵਾਈ ਵਾਲੇ ਬੈਂਚ ਨੇ ਸੁਣਾਇਆ ਸੀ ਅਤੇ ਕੇਸ ਨੂੰ ਪੋਕਸੋ ਅਦਾਲਤ ਵਿੱਚ ਵਾਪਸ ਭੇਜ ਦਿੱਤਾ ਸੀ। ਅਦਾਲਤ ਨੇ ਯੇਦੀਯੁਰੱਪਾ ਵਿਰੁੱਧ ਪੇਸ਼ ਕੀਤੀ ਗਈ ਚਾਰਜਸ਼ੀਟ ਨੂੰ ਵੀ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਆਈਏਐਨਐਸ