‘ਸੁੱਖੂ ਨੇ ਬੁਲਾਇਆ ਹੈ, ਭੁੱਖੇ ਹੀ ਤੜਫਾਇਆ ਹੈ’: ਹਿਮਾਚਲ ਦੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ 'ਤੇ ਕਾਲਜ ਵਿਦਿਆਰਥੀਆਂ 'ਤੇ FIR
ਪੁਲੀਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਸਮਾਗਮ ਵਿੱਚ ਕਥਿਤ ਤੌਰ 'ਤੇ ਬਿਨਾਂ ਬੁਲਾਏ ਪਹੁੰਚੀ ਭੀੜ ਦਾ ਇੱਕ ਹਿੱਸਾ ਲੰਚ ਦੇ ਪ੍ਰਬੰਧਾਂ ਤੋਂ ਨਾਰਾਜ਼ ਸੀ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਹਾਲ ਹੀ ਵਿੱਚ ਡਰਲਾਘਾਟ ਦੌਰੇ ਦੌਰਾਨ ਨਾਅਰੇਬਾਜ਼ੀ ਦੀ ਘਟਨਾ ਤੋਂ ਬਾਅਦ ਸੋਲਨ ਪੁਲੀਸ ਨੇ ਸਰਕਾਰੀ ਕਾਲਜ ਡਰਲਾਘਾਟ ਦੇ ਵਿਦਿਆਰਥੀਆਂ ਸਮੇਤ ਕੁੱਝ ਖ਼ਿਲਾਫ਼ FIR ਦਰਜ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸੁੱਖੂ ਸ਼ਨਿਚਰਵਾਰ ਨੂੰ ਵੱਖ-ਵੱਖ ਪਸ਼ੂ ਪਾਲਣ ਸਕੀਮਾਂ ਦਾ ਉਦਘਾਟਨ ਕਰਨ ਲਈ ਇਲਾਕੇ ਵਿੱਚ ਆਏ ਸਨ।
ਭੀੜ ਦਾ ਇੱਕ ਹਿੱਸਾ, ਜੋ ਕਥਿਤ ਤੌਰ ’ਤੇ ਲੰਚ ਦੇ ਪ੍ਰਬੰਧਾਂ ਤੋਂ ਨਾਰਾਜ਼ ਸੀ, ਨਾਅਰੇਬਾਜ਼ੀ ਕਰਦਾ ਸੁਣਿਆ ਗਿਆ: “ਸੁੱਖੂ ਨੇ ਬੁਲਾਇਆ ਹੈ, ਭੁੱਖੇ ਹੀ ਤੜਫਾਇਆ ਹੈ।’’
ਇਸ ਘਟਨਾ ਦੀ ਇੱਕ ਵੀਡੀਓ ਉਦੋਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਸੋਲਨ ਦੇ ਪੁਲੀਸ ਸੁਪਰਡੈਂਟ ਗੌਰਵ ਸਿੰਘ ਨੇ ਪੁਸ਼ਟੀ ਕੀਤੀ ਕਿ ਘਟਨਾ ਤੋਂ ਬਾਅਦ ਇੱਕ FIR ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਡਰਲਾਘਾਟ ਦੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਕੁਝ ਕਾਰਕੁਨਾਂ ਨੇ ਸਮਾਗਮ ਵਾਲੀ ਥਾਂ 'ਤੇ ਗੜਬੜ ਪੈਦਾ ਕੀਤੀ। ਉਨ੍ਹਾਂ ਮੁਤਾਬਕ ਸ਼ਾਮਲ ਵਿਦਿਆਰਥੀਆਂ ਨੂੰ ਨਾ ਤਾਂ ਸੱਦਾ ਦਿੱਤਾ ਗਿਆ ਸੀ ਅਤੇ ਨਾ ਹੀ ਉਹ ਸਮਾਗਮ ਦੇ ਅਧਿਕਾਰਤ ਭਾਗੀਦਾਰ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਕਾਰਵਾਈ ਨੂੰ ਜਾਣਬੁੱਝ ਕੇ ਵਿਗਾੜਨ ਦੀ ਕੋਸ਼ਿਸ਼ ਦਾ ਹਿੱਸਾ ਸੀ।
ਹਾਲਾਂਕਿ ਕਾਲਜ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਕਾਊਟਸ ਅਤੇ ਗਾਈਡਜ਼ ਯੂਨਿਟ ਦੀਆਂ ਚਾਰ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਰਸਮੀ ਤੌਰ 'ਤੇ ਸੱਦਾ ਦਿੱਤਾ ਗਿਆ ਸੀ।
'ਟ੍ਰਿਬਿਊਨ ਸਮੂਹ' ਵੱਲੋਂ ਪ੍ਰਾਪਤ ਕੀਤੀ ਗਈ FIR ਅਨੁਸਾਰ ਇੱਕ ਸਥਾਨਕ ਨਿਵਾਸੀ ਬਸੰਤ ਲਾਲ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਕਿਹਾ ਗਿਆ ਕਿ 2 ਅਕਤੂਬਰ ਨੂੰ ਦੁਪਹਿਰ 2 ਵਜੇ, ਜਦੋਂ ਉਹ ਸਮਾਗਮ ਵਿੱਚ ਲੰਚ ਕਰਨ ਗਿਆ, ਤਾਂ ਉਸ ਨੇ ਕਈ ਲੜਕੀਆਂ ਨੂੰ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਦੇਖਿਆ।
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਖੇਤਰੀ ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣਾ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਵਿਦਿਆਰਥੀਆਂ ਦੀ ਪਛਾਣ ਪਤਾ ਨਹੀਂ ਸੀ, ਪਰ ਉਹ ਬਾਅਦ ਵਿੱਚ ਪੁਲੀਸ ਨੂੰ ਪ੍ਰਦਾਨ ਕਰ ਦਿੱਤੀ ਜਾਵੇਗੀ।
FIR 4 ਅਕਤੂਬਰ ਨੂੰ ਡਰਲਾਘਾਟ ਪੁਲੀਸ ਸਟੇਸ਼ਨ ਵਿਖੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 353(2) ਅਤੇ 3(5) ਤਹਿਤ ਦਰਜ ਕੀਤੀ ਗਈ ਸੀ।
ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ। ਇਸ ਸਬੰਧੀ ਅਰਕੀ ਦੇ ਵਿਧਾਇਕ ਸੰਜੇ ਅਵਸਥੀ ਤੋਂ ਟਿੱਪਣੀ ਲਈ ਵਾਰ-ਵਾਰ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ।