‘ਢਾਲ ਤੇ ਤਲਵਾਰ’ ਦੋਵਾਂ ਵਾਂਗ ਕੰਮ ਕਰੇਗਾ ਸੁਦਰਸ਼ਨ ਚੱਕਰ: ਚੌਹਾਨ
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਦੱਸਿਆ ਕਿ ਭਾਰਤ ਦੀ ਤਜਵੀਜ਼ਤ ਹਵਾਈ ਰੱਖਿਆ ਪ੍ਰਣਾਲੀ ਸੁਦਰਸ਼ਨ ਚੱਕਰ ਵਿੱਚ ਸੈਂਸਰਾਂ, ਮਿਜ਼ਾਈਲਾਂ, ਨਿਗਰਾਨੀ ਉਪਕਰਨਾਂ ਅਤੇ ਮਸਨੂਈ ਬੌਧਕਤਾ (ਏਆਈ) ਯੰਤਰਾਂ ਨੂੰ ਵੱਡੇ ਪੱਧਰ ’ਤੇ ਜੋੜਿਆ ਜਾਵੇਗਾ। ਉਨ੍ਹਾਂ ਨੇ ਇਸ ਅਹਿਮ ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਉਂਦਿਆਂ ਇਹ ਜਾਣਕਾਰੀ ਦਿੱਤੀ। ਜਨਰਲ ਚੌਹਾਨ ਨੇ ਕਿਹਾ ਕਿ ਇਹ ਏਅਰ ਡਿਫੈਂਸ ਸਿਸਟਮ ‘ਢਾਲ ਅਤੇ ਤਲਵਾਰ’ ਦੋਵਾਂ ਵਾਂਗ ਕੰਮ ਕਰੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦਾ ‘ਆਇਰਨ ਡੋਮ’ ਸਿਸਟਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਭਾਰਤ ਦੇ ਰਣਨੀਤਕ, ਨਾਗਰਿਕ ਅਤੇ ਰਾਸ਼ਟਰੀ ਮਹੱਤਵ ਵਾਲੇ ਸਥਾਨਾਂ ਦੀ ਸੁਰੱਖਿਆ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਦੌਰਾਨ ਇਸ 10 ਸਾਲਾ ਪ੍ਰਾਜੈਕਟ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਪਹਿਲੀ ਵਾਰ ਫ਼ੌਜ ਦੇ ਕਿਸੇ ਅਧਿਕਾਰੀ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਯੁੱਧ ਅਤੇ ਯੁੱਧਨੀਤੀ ਬਾਰੇ ਤਿੰਨਾਂ ਸੈਨਾਵਾਂ ਦੇ ਸੈਮੀਨਾਰ ‘ਰਣ ਸੰਵਾਦ’ ਨੂੰ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਅਪਰੇਸ਼ਨ ਸਿੰਧੂਰ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਤੋਂ ਕਈ ਸਬਕ ਸਿੱਖੇ ਗਏ ਹਨ ਅਤੇ ਇਨ੍ਹਾਂ ਨੂੰ ਹੁਣ ਲਾਗੂ ਵੀ ਕੀਤਾ ਜਾ ਰਿਹਾ ਹੈ। -ਪੀਟੀਆਈ