ਧਰਤੀ ’ਤੇ ਜ਼ਿੰਦਗੀ ਨਾਲ ਤਾਲਮੇਲ ਬਣਾ ਰਿਹੈ ਸ਼ੁਭਾਂਸ਼ੂ ਸ਼ੁਕਲਾ
ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਤਿੰਨ ਹੋਰਨਾਂ ਨਾਲ ਸਫ਼ਲ ਪੁਲਾੜ ਮਿਸ਼ਨ ਤੋਂ ਮੁੜਨ ਮਗਰੋਂ ਅਮਰੀਕਾ ਦੇ ਹਿਊਸਟਨ ’ਚ ਹੈ ਤੇ ਧਰਤੀ ’ਤੇ ਜ਼ਿੰਦਗੀ ਨਾਲ ਤਾਲਮੇਲ ਬਣਾ ਰਿਹਾ ਹੈ। ਸ਼ੁਕਲਾ ਦੇ ਪਿਤਾ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ 18 ਦਿਨ ਬਿਤਾਉਣ ਮਗਰੋਂ ਮੰਗਲਵਾਰ ਨੂੰ ਧਰਤੀ ’ਤੇ ਪਰਤਿਆ ਹੈ। ਉਹ ਹੁਣ ਹਿਊਸਟਨ ’ਚ ਹੈ ਅਤੇ ਉਨ੍ਹਾਂ ਦੀ ਪਤਨੀ ਕਾਮਨਾ ਤੇ ਛੇ ਸਾਲਾਂ ਦਾ ਬੇਟਾ ਕਿਆਸ਼ ਪਹਿਲਾਂ ਤੋਂ ਉਥੇ ਹਨ।
ਇੱਕ ਅਧਿਕਾਰਤ ਬਿਆਨ ’ਚ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਮੈਡੀਕਲ ਅਤੇ ਰੀ-ਅਡੈਪਟੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ 23 ਜੁਲਾਈ ਤੱਕ ਇਕਾਂਤਵਾਂਸ ਰਹਿਣਗੇ। ਉਨ੍ਹਾਂ ਕਿਹਾ ਕਿ 24 ਜੁਲਾਈ ਤੋਂ ਉਹ ਇਸਰੋ, ਐਕਸੀਓਮ ਤੇ ਨਾਸਾ ਨਾਲ ਗੱਲਬਾਤ ਸ਼ੁਰੂ ਕਰਨਗੇ।
ਸ਼ੁਭਾਂਸ਼ੂ ਸ਼ੁਕਲਾ ਦੇ ਪਿਤਾ ਸ਼ੰਭੂ ਦਿਆਲ ਨੇ ਕਿਹਾ, ‘‘ਉਸ (ਸ਼ੁਭਾਂਸ਼ੂ) ਨੇ ਕਿਹਾ ਹੈ ਕਿ ਧਰਤੀ ’ਤੇ ਜ਼ਿੰਦਗੀ ਨਾਲ ਮੁੜ ਤਾਲਮੇਲ ਬਣਾਉਣ ਲਈ ਉਨ੍ਹਾਂ ਨੂੰ ਬਹੁਤ ਦੇਖਭਾਲ ਦੀ ਲੋੜ ਹੈ ਅਤੇ ਇਹ ਦੇਖਭਾਲ ਕੀਤੀ ਜਾ ਰਹੀ ਹੈ। ਟੈਲੀਫੋਨ ’ਤੇ ਸ਼ੁਭਾਂਸ਼ੂ ਇਸ ਪ੍ਰਾਪਤੀ ’ਤੇ ਕਾਫ਼ੀ ਉਤਸ਼ਾਹਿਤ ਨਜ਼ਰ ਆਇਆ ਕਿਉਂਕਿ ਇਹ ਉਪਲਬਧੀ ਦੇਸ਼ ਲਈ ਕਾਫੀ ਮਾਇਨੇ ਰੱਖਦੀ ਹੈ।’’
ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਸ਼ੁਭਾਸ਼ੂ ਸ਼ੁਕਲਾ (39) ਇਸ ਸਮੇਂ ਆਪਣੇ ਪਰਿਵਾਰ ਨਾਲ ਹਿਊਸਟਨ ’ਚ ਹਨ। ਅਮਰੀਕਾ ਤੋਂ ਫੋਨ ’ਤੇ ਗੱਲਬਾਤ ਦੌਰਾਨ ਸ਼ੁਕਲਾ ਦੀ ਪਤਨੀ ਕਾਮਨਾ ਸ਼ੁਕਲਾ ਨੇ ਕਿਹਾ, ‘‘ਅਸੀਂ ਹਿਊਸਟਨ ਵਿੱਚ ਹਾਂ ਅਤੇ ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਚੁੱਕੇ ਹਾਂ। ਉਹ ਸਾਡੇ ਨਾਲ ਹਨ। ਘਰ ਵਾਪਸੀ ਹੋ ਚੁੱਕੀ ਹੈ।’’
ਸ਼ੁਕਲਾ ਦੇ ਪਿਤਾ ਨੇ ਕਿਹਾ ਕਿ ਸ਼ੁਭਾਂਸ਼ੂ ਦੀ ਇਸ ਪ੍ਰਾਪਤੀ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਤੋਂ ਲਖਨਊ ਵਿਚ ਪੂਰਾ ਪਰਿਵਾਰ ਖੁਸ਼ੀ ’ਚ ਖੀਵਾ ਹੈ। ਉਨ੍ਹਾਂ ਕਿਹਾ, ‘‘ਬੇਸ਼ੱਕ, ਉਹ ਲਖਨਊ ਆਉਣਗੇ, ਭਾਵੇਂ ਇਸ ਵਿੱਚ ਥੋੜ੍ਹਾ ਵਕਤ ਲੱਗੇਗਾ। ਪਰ ਉਹ ਜਦੋਂ ਵੀ ਆਉਣਗੇ, ਵੱਡਾ ਜਸ਼ਨ ਮਨਾਇਆ ਜਾਵੇਗਾ।’’ ਸਿਟੀ ਮੌਂਟੇਸਰੀ ਸਕੂਲ ਵੱਲੋਂ ਆਪਣੇ ਪੁਰਾਣੇ ਵਿਦਿਆਰਥੀ ਸ਼ੁਭਾਂਸ਼ੂ ਸ਼ੁਕਲਾ ਦੇ ਸਨਮਾਨ ਦੀ ਤਿਆਰੀ ਕੀਤੀ ਜਾ ਰਹੀ ਹੈ।