ਨਵੀਂ ਦਿੱਲੀ, 13 ਜੁਲਾਈ
ਪੁਲਾੜ ’ਚ 17 ਦਿਨ ਰਹਿਣ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਭਲਕੇ 14 ਜੁਲਾਈ ਨੂੰ ਧਰਤੀ ’ਤੇ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ 13 ਜੁਲਾਈ ਅੱਜ ਫੇਅਰਵੈਲ ਪਾਰਟੀ ’ਤੇ ਸ਼ੁਭਾਂਸ਼ੂ ਨੇ ਕਿਹਾ, ‘ਆਜ ਭੀ ਭਾਰਤ ਸਾਰੇ ਜਹਾਂ ਸੇ ਅੱਛਾ ਹੈ।’ ਉਨ੍ਹਾਂ ਇਸ ਤੋਂ ਪਹਿਲਾਂ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ 1984 ਵਿੱਚ ਕਹੇ ਸ਼ਬਦਾਂ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਉਸ ਨੂੰ ਇਹ ਯਾਤਰਾ ਪੂਰੀ ਕਰਨ ’ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਸ ਤੋਂ ਪਹਿਲਾਂ ਪੁਲਾੜ ’ਤੇ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਲਾ ਨਾਲ ਗੱਲਬਾਤ ਕੀਤੀ ਸੀ। ਸ਼ੁਕਲਾ ਨੇ ਕਿਹਾ ਸੀ ਕਿ ਪੁਲਾੜ ਤੋਂ ਭਾਰਤ ਬਹੁਤ ਸੋਹਣਾ ਤੇ ਵੱਡਾ ਨਜ਼ਰ ਆਉਂਦਾ ਹੈ। ਸ੍ਰੀ ਸ਼ੁਕਲਾ ਨੇ ਕਿਹਾ ਕਿ ਪੁਲਾੜ ਸਟੇਸ਼ਨ ਦੀ ਯਾਤਰਾ ਉਨ੍ਹਾਂ ਲਈ ਸਿਰਫ਼ ਨਿੱਜੀ ਪ੍ਰਾਪਤੀ ਨਹੀਂ, ਸਗੋਂ ਪੂਰੇ ਦੇਸ਼ ਦੀ ਸਮੂਹਿਕ ਪ੍ਰਾਪਤੀ ਹੈ। ਪੁਲਾੜ ਯਾਤਰੀ ਨੇ ਕਿਹਾ ਸੀ ਕਿ ਪੁਲਾੜ ਸਟੇਸ਼ਨ ਦਿਨ ਵਿੱਚ 16 ਵਾਰ ਧਰਤੀ ਦਾ ਚੱਕਰ ਲਗਾਉਂਦਾ ਹੈ ਅਤੇ ਉਹ ਹਰ ਰੋਜ਼ 16 ਵਾਰ ਸੂਰਜ ਚੜ੍ਹਨ ਅਤੇ 16 ਵਾਰ ਸੂਰਜ ਡੁੱਬਣ ਦਾ ਗਵਾਹ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦਾ ਗਰੁੱਪ ਕੈਪਟਨ ਸ਼ੁਭਾਂਸ਼ੂ 26 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚਿਆ ਸੀ। ਉਹ 41 ਸਾਲਾਂ ਬਾਅਦ ਪੁਲਾੜ ਵਿੱਚ ਜਾਣ ਵਾਲ ਪਹਿਲਾ ਭਾਰਤੀ ਹੈ। ਉਹ 25 ਜੂਨ ਨੂੰ ਦੁਪਹਿਰ 12 ਵਜੇ ਦੇ ਕਰੀਬ ਐਕਸੀਅਮ ਮਿਸ਼ਨ 4 ਤਹਿਤ ਸਾਰੇ ਪੁਲਾੜ ਯਾਤਰੀਆਂ ਨਾਲ ਆਈਐੱਸਐੱਸ ਲਈ ਰਵਾਨਾ ਹੋਇਆ ਸੀ। ਉਸ ਨੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਇੱਕ ਡਰੈਗਨ ਕੈਪਸੂਲ ਵਿੱਚ ਉਡਾਣ ਭਰੀ ਸੀ।