ਦਰਿਆਵਾਂ ਕੰਢੇ ਵਸੀਆਂ ਬਸਤੀਆਂ ਦਾ ਅਧਿਐਨ ਜ਼ਰੂਰੀ: ਮਾਹਿਰ
ਉੱਤਰਕਾਸ਼ੀ ਦੇ ਧਰਾਲੀ ਪਿੰਡ ਦੇ ਅੱਧੇ ਹਿੱਸੇ ਦੇ ਕੁਦਰਤੀ ਆਫ਼ਤ ਕਾਰਨ ਤਬਾਹ ਹੋਣ ਤੋਂ ਚਾਰ ਦਿਨ ਬਾਅਦ ਮਾਹਿਰਾਂ ਨੇ ਦਰਿਆ ਕਿਨਾਰੇ ਜਾਂ ਹੜ੍ਹਾਂ ਵਾਲੇ ਮੈਦਾਨਾਂ ’ਚ ਵਸੀਆਂ ਬਸਤੀਆਂ ਦਾ ਅਧਿਐਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਧਰਾਲੀ ਆਫ਼ਤ ਨੂੰ ਇੱਕ ਵੱਖਰੇ ਮਾਮਲੇ ਦੇ ਰੂਪ ’ਚ ਨਹੀਂ ਦੇਖਿਆ ਜਾਣਾ ਚਾਹੀਦਾ।
ਦੇਹਰਾਦੂਨ ਸਥਿਤ ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾ ਦੇ ਸਾਬਕਾ ਸੀਨੀਅਰ ਵਿਗਿਆਨੀ ਡਾ. ਸੁਸ਼ੀਲ ਕੁਮਾਰ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਸਾਰੇ ਖੇਤਰਾਂ ਦਾ ਅਧਿਐਨ ਕੀਤਾ ਜਾਵੇ ਜਿੱਥੇ ਦਰਿਆਵਾਂ ਤੇ ਨਾਲਿਆਂ ਦੇ ਕੰਢਿਆਂ ’ਤੇ ਵੱਡੀਆਂ ਬਸਤੀਆਂ ਵਸ ਗਈਆਂ ਹਨ।’ ਡਾ. ਕੁਮਾਰ ਸਣੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਾਲੀ ’ਚ ਆਏ ਮਲਬੇ ਨਾਲ ਭਰਿਆ ਪਾਣੀ ਆਪਣੇ ਮੂਲ ਮਾਰਗ ’ਤੇ ਸੀ ਅਤੇ ਉਸ ਨੇ ਆਪਣੇ ਰਾਹ ’ਚ ਆਉਣ ਵਾਲੇ ਸਾਰੇ ਹੋਟਲਾਂ, ਸਰਾਵਾਂ, ਰੇਸਤਰਾਂ ਤੇ ਘਰਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ’ਚ ਸੈਰ-ਸਪਾਟੇ ’ਚ ਆਈ ਤੇਜ਼ੀ ਨੂੰ ਦੇਖਦਿਆਂ ਧਰਾਲੀ ’ਚ ਦਰਜਨਾਂ ਹੋਟਲ, ਰੇਸਤਰਾਂ ਤੇ ਹੋਮ-ਸਟੇਅ ਬਣ ਗਏ ਹਨ ਅਤੇ ਕੁਦਰਤੀ ਆਫ਼ਤ ਦੀ ਮਾਰ ਹੇਠ ਆ ਕੇ ਤਬਾਹ ਹੋਈਆਂ ਜ਼ਿਆਦਾਤਰ ਇਮਾਰਤਾਂ ਖਿਰਗਾੜ ਮੌਸਮੀ ਦਰਿਆ ਕਿਨਾਰੇ ਵਾਤਾਵਰਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀਆਂ ਗਈਆਂ ਸਨ। 5 ਅਗਸਤ ਨੂੰ ਆਏ ਹੜ੍ਹ ਨੇ ਗੰਗੋਤਰੀ ਧਾਮ ਦੇ ਰਾਹ ’ਚ ਪੈਂਦੇ ਖੂਬਸੂਰਤ ਪੜਾਅ ਨੂੰ ਪਲਕ ਝਪਕਦਿਆਂ ਹੀ ਮਲਬੇ ਦੇ ਢੇਰ ’ਚ ਤਬਦੀਲ ਕਰ ਦਿੱਤਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰਾਂ ’ਚ ਨਿਯਮਾਂ ਦੀ ਉਲੰਘਣਾ ’ਤੇ ਵੀ ਅੱਖਾਂ ਮੀਟ ਲੈਂਦੀ ਹੈ ਜਿਨ੍ਹਾਂ ’ਚ ਭਾਗੀਰਥੀ ਨਦੀ ਕਿਨਾਰੇ ਨਵੀਆਂ ਉਸਾਰੀਆਂ ’ਤੇ ਪਾਬੰਦੀ ਵੀ ਸ਼ਾਮਲ ਹੈ। ਮੁੱਖ ਮੰਤਰੀ ਵੱਲੋਂ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦਾ ਐਲਾਨ
ਦੇਹਰਾਦੂਨ/ਉੱਤਰਕਾਸ਼ੀ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਧਰਾਲੀ ਘਟਨਾ ’ਚ ਮਾਰੇ ਗਏ ਲੋਕਾਂ ਤੇ ਆਪਣੇ ਘਰ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਤੁਰੰਤ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਫ਼ਤ ਪ੍ਰਭਾਵਿਤ ਪਿੰਡ ਵਾਸੀਆਂ ਦੇ ਮੁੜ ਵਸੇਬੇ ਤੇ ਸਥਾਈ ਰੁਜ਼ਗਾਰ ਨੂੰ ਮਜ਼ਬੂਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਉੱਧਰ ਪ੍ਰਭਾਵਿਤ ਇਲਾਕੇ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਾਰ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ 287 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਇਸੇ ਦੌਰਾਨ ਫੇਸਬੁੱਕ ’ਤੇ ਘਟਨਾ ਬਾਰੇ ਇਤਰਾਜ਼ਯੋਗ ਪੋਸਟ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ