ਕੰਪਾਰਟਮੈਂਟ ਵਾਲੇ ਵਿਦਿਆਰਥੀ ਨਹੀਂ ਦੇ ਸਕਣਗੇ ਦੂਜੀ ਪ੍ਰੀਖਿਆ
ਸੀ ਬੀ ਐੱਸ ਈ ਵੱਲੋਂ ਪਹਿਲੀ ਪ੍ਰੀਖਿਆ ਜ਼ਰੂਰੀ ਕਰਾਰ; ਦਸਵੀਂ ਦੀ ਪ੍ਰੀਖਿਆ ਸਾਲ ’ਚ ਦੋ ਵਾਰ ਹੋਵੇਗੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਵੱਲੋਂ ਅਗਲੇ ਸਾਲ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿਚ ਦੋ ਵਾਰ ਪ੍ਰੀਖਿਆ ਕਰਵਾਈ ਜਾਵੇਗੀ ਪਰ ਦੂਜੀ ਵਾਰ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਨਹੀਂ ਹੋਵੇਗੀ। ਬੋਰਡ ਦੇ ਚੇਅਰਮੈਨ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ ਉਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਦੂਜੀ ਵਾਰ ਦਿੱਤੀ ਜਾ ਸਕੇਗੀ ਜਿਹੜੇ ਵਿਸ਼ਿਆਂ ਦਾ 50 ਫ਼ੀਸਦੀ ਤੋਂ ਵੱਧ ਬਾਹਰੀ ਮੁਲਾਂਕਣ (ਐਕਸਟਰਨਲ ਅਸੈਸਮੈਂਟ) ਹੁੰਦਾ ਹੈ। ਪਹਿਲੀ ਪ੍ਰੀਖਿਆ ਸਾਰਿਆਂ ਲਈ ਜ਼ਰੂਰੀ ਹੋਵੇਗੀ ਤੇ ਕੰਪਾਰਟਮੈਂਟ ਵਾਲੇ ਵਿਦਿਆਰਥੀ ਦੂਜੀ ਪ੍ਰੀਖਿਆ ਨਹੀਂ ਦੇ ਸਕਣਗੇ। ਜ਼ਿਕਰਯੋਗ ਹੈ ਕਿ ਦਸਵੀਂ ਕਲਾਸ ਦੀ ਪਹਿਲੀ ਪ੍ਰੀਖਿਆ 17 ਫਰਵਰੀ ਤੋਂ ਸ਼ੁਰੂ ਹੋਣੀ ਹੈ; ਦੂਜੀ ਪ੍ਰੀਖਿਆ ਮਈ ਵਿੱਚ ਹੋਵੇਗੀ। ਜਿਹੜੇ ਵਿਦਿਆਰਥੀ ਪਹਿਲੀ ਪ੍ਰੀਖਿਆ ਦੇ ਆਪਣੇ ਅੰਕਾਂ ਤੋਂ ਸੰਤੁਸ਼ਟ ਨਹੀਂ ਹੋਣਗੇ, ਉਹ ਨਤੀਜੇ ’ਚ ਸੁਧਾਰ ਕਰਨ ਲਈ ਦੂਜੀ ਪ੍ਰੀਖਿਆ ਦੇ ਸਕਣਗੇ। ਸੀ ਬੀ ਐੱਸ ਈ ਦੇ ਚੇਅਰਮੈਨ ਰਾਹੁਲ ਸਿੰਘ ਨੇ ਅੱਜ ਇੱਕ ਵੈੱਬੀਨਾਰ ’ਚ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਜਿਹੜੇ ਵਿਸ਼ਿਆਂ ਦੇ ਪ੍ਰੈਕਟੀਕਲ ਆਦਿ ਦਾ ਸਕੂਲਾਂ ’ਚ ਹੀ ਮੁਲਾਂਕਣ ਹੁੰਦਾ ਹੈ ਤੇ ਉਨ੍ਹਾਂ ਦੇ ਅੰਕ 50 ਫੀਸਦ ਤੋਂ ਘੱਟ ਹਨ, ਉਸ ਵਿਸ਼ੇ ਦੀ ਦੂਜੀ ਪ੍ਰੀਖਿਆ ਨਹੀਂ ਹੋਵੇਗੀ। ਜਿਹੜੇ ਵਿਦਿਆਰਥੀ ਪਹਿਲੀ ਪ੍ਰੀਖਿਆ ਦੇ ਤਿੰਨ ਜਾਂ ਚਾਰ ਵਿਸ਼ਿਆਂ ਵਿਚੋਂ ਗ਼ੈਰਹਾਜ਼ਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਅਗਲੀ ਦੂਜੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਨਹੀਂ ਮਿਲੇਗਾ। ਡੇਢ ਕਰੋੜ ਦੇ ਕਰੀਬ ਵਿਦਿਆਰਥੀ ਪਹਿਲੀ ਪ੍ਰੀਖਿਆ ਦੇਣਗੇ, ਦੂਜੀ ਵਾਰ ਇਹ ਅੰਕੜਾ 20 ਤੋਂ 30 ਲੱਖ ਹੀ ਰਹਿਣ ਦੀ ਉਮੀਦ ਹੈ। ਦੂਜੀ ਪ੍ਰੀਖਿਆ ਵਿੱਚ ਅੰਕਾਂ ਦੇ ਸੁਧਾਰ ਲਈ ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਭਾਸ਼ਾ ਦੀ ਪ੍ਰੀਖਿਆ ਵਿਚੋਂ ਚੋਣ ਕੀਤੀ ਜਾ ਸਕਦੀ ਹੈ।
ਪਹਿਲੀ ਪ੍ਰੀਖਿਆ ਦੇ ਨਤੀਜੇ ਮਗਰੋਂ ਹੀ ਹੋਵੇਗਾ ਦੂਜੀ ਲਈ ਅਪਲਾਈ
ਬੋਰਡ ਦੇ ਚੇਅਰਮੈਨ ਰਾਹੁਲ ਸਿੰਘ ਨੇ ਕਿਹਾ ਕਿ ਪਹਿਲੀ ਪ੍ਰੀਖਿਆ ਦਾ ਨਤੀਜਾ ਐਲਾਨਣ ਤੋਂ ਬਾਅਦ ਹੀ ਵਿਦਿਆਰਥੀ ਦੂਜੀ ਪ੍ਰੀਖਿਆ ਲਈ ਰਜਿਸਟਰ ਕਰ ਸਕਦੇ ਹਨ। ਇਸ ਲਈ ਵਿੰਡੋ 10 ਤੋਂ 15 ਦਿਨਾਂ ’ਚ ਖੋਲ੍ਹੀ ਜਾਵੇਗੀ। ਇਸ ਮਗਰੋਂ ਬੋਰਡ ਪ੍ਰੀਖਿਆਰਥੀਆਂ ਦੀ ਅੰਤਿਮ ਸੂਚੀ ਸਾਂਝੀ ਕਰੇਗਾ।

