ਖਰਾਬ ਪਾਣੀ ਅਤੇ ਭੋਜਨ ਕਾਰਨ ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਾਈ
ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਵਿੱਚ ਵੀ ਆਈ ਟੀ (VIT) ਦੇ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਖਰਾਬ ਭੋਜਨ ਅਤੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੀਲੀਆ ਹੋ ਰਿਹਾ ਹੈ। ਪ੍ਰਦਰਸ਼ਨ...
ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਵਿੱਚ ਵੀ ਆਈ ਟੀ (VIT) ਦੇ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਖਰਾਬ ਭੋਜਨ ਅਤੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੀਲੀਆ ਹੋ ਰਿਹਾ ਹੈ। ਪ੍ਰਦਰਸ਼ਨ ਦੌਰਾਨ ਉਨ੍ਹਾਂ ਕਾਲਜ ਕੈਂਪਸ ਅਤੇ ਵਾਹਨਾਂ ਦੀ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।
ਚਸ਼ਮਦੀਦਾਂ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀਡੀਓਜ਼ ਅਨੁਸਾਰ ਮੰਗਲਵਾਰ ਦੇਰ ਰਾਤ ਹੋਈ ਇਸ ਅੱਗਜ਼ਨੀ ਦੌਰਾਨ ਇੱਕ ਬੱਸ, ਦੋ ਚਾਰ-ਪਹੀਆ ਵਾਹਨ, ਇੱਕ ਐਂਬੂਲੈਂਸ, ਹੋਸਟਲ ਦੀਆਂ ਖਿੜਕੀਆਂ ਦੇ ਸ਼ੀਸ਼ੇ, ਇੱਕ ਆਰ.ਓ. ਪਲਾਂਟ ਅਤੇ ਕੈਂਪਸ ਦੇ ਹੋਰ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ (VIT) ਦੇ ਸਿਹੋਰ ਕੈਂਪਸ ਵਿੱਚ ਭੋਜਨ ਅਤੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਕਰੀਬ 3,000 ਤੋਂ 4,000 ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਅਸ਼ਟਾ ਦੇ ਪੁਲੀਸ ਉਪ-ਮੰਡਲ ਅਧਿਕਾਰੀ (SDOP) ਅਤੇ ਕਈ ਥਾਣਿਆਂ ਦੇ ਸੁਰੱਖਿਆ ਕਰਮਚਾਰੀ ਕਾਲਜ ਕੈਂਪਸ ਪਹੁੰਚੇ।
ਕਰਮਚਾਰੀਆਂ ਨੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ। ਅਸ਼ਟਾ ਦੇ ਐੱਸ ਡੀ ਓ ਪੀ ਆਕਾਸ਼ ਅਮਲਕਰ ਨੇ ਦੱਸਿਆ ਕਿ ਕਾਲਜ ਅਤੇ ਹੋਸਟਲ ਕੈਂਪਸ ਵਿੱਚ ਸਥਿਤੀ ਇਸ ਸਮੇਂ ਕਾਬੂ ਹੇਠ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੈਂਪਸ ਵਿੱਚ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਕਾਲਜ ਪ੍ਰਬੰਧਨ ਨੇ 30 ਨਵੰਬਰ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਸਿਹੋਰ ਦੇ ਪੁਲੀਸ ਸੁਪਰਡੈਂਟ ਦੀਪਕ ਸ਼ੁਕਲਾ ਨੇ ਕਿਹਾ ਕਿ ਸਥਿਤੀ ਇਸ ਸਮੇਂ ਆਮ ਹੈ। ਉਨ੍ਹਾਂ ਅੱਗੇ ਕਿਹਾ ਕਿ ਵੀਆਈਟੀ ਨੇ 30 ਨਵੰਬਰ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਕੁਝ ਵਿਦਿਆਰਥੀ ਘਰ ਵਾਪਸ ਜਾ ਰਹੇ ਹਨ।

