ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਵੱਲੋਂ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਖ਼ੁਦਕੁਸ਼ੀ
NEET aspirant dies by suicide in Kota a day before exam
ਕੋਟਾ, 4 ਮਈ
ਇਥੇ ਪਾਰਸ਼ਵਨਾਥ ਇਲਾਕੇ ਵਿੱਚ NEET ਦੀ ਤਿਆਰੀ ਕਰ ਰਹੀ ਵਿਦਿਆਰਥ ਨੇ ਆਪਣੇ ਕਮਰੇ ਵਿਚ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਇਹ ਸਿਰੇ ਦਾ ਕਦਮ ਅੱਜ (ਐਤਵਾਰ) ਲਈ ਜਾਣ ਵਾਲੀ ਰਾਸ਼ਟਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਚੁੱਕਿਆ ਹੈ।
ਕੁਨਹਾੜੀ ਪੁਲੀਸ ਥਾਣੇ ਦੇ ਸਰਕਲ ਇੰਸਪੈਕਟਰ ਅਰਵਿੰਦ ਭਾਰਦਵਾਜ ਨੇ ਵਿਦਿਆਰਥਣ ਦੀ ਪਛਾਣ ਦੱਸਣ ਤੋਂ ਇਨਕਾਰ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਲੜਕੀ 18 ਸਾਲ ਤੋਂ ਘੱਟ ਉਮਰ ਦੀ ਸੀ ਅਤੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੀ ਰਹਿਣ ਵਾਲੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਕੋਟਾ ਵਿੱਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ ਅਤੇ ਇੱਕ ਕੋਚਿੰਗ ਇੰਸਟੀਚਿਊਟ ਵਿੱਚ NEET-UG ਦੀ ਤਿਆਰੀ ਕਰ ਰਹੀ ਸੀ।
ਵਿਦਿਆਰਥਣ ਨੇ NEET-UG ਪ੍ਰੀਖਿਆ ਦੇਣੀ ਸੀ ਜੋ ਅੱਜ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ ਹੋਵੇਗੀ। ਲੜਕੀ ਨੇ ਸ਼ਨਿੱਚਰਵਾਰ ਸ਼ਾਮ ਨੂੰ ਆਪਣੇ ਕਮਰੇ ਵਿੱਚ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਲਿਆ। ਘਟਨਾ ਸਮੇਂ ਪਰਿਵਾਰਕ ਮੈਂਬਰ ਘਰ ਵਿੱਚ ਸਨ ਅਤੇ ਉਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਧੀ ਦੀ ਮੌਤ ਬਾਰੇ ਪਤਾ ਲੱਗਾ। ਉਸ ਦੇ ਕਮਰੇ ਵਿੱਚੋਂ ਕੋਈ ਖੁ਼ਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਬਾਅਦ ਕੋਟਾ ਵਿੱਚ ਕੋਚਿੰਗ ਲੈ ਰਹੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਇਹ 14ਵਾਂ ਮਾਮਲਾ ਹੈ। ਪਿਛਲੇ ਸਾਲ ਕੋਟਾ ਵਿੱਚ ਕੋਚਿੰਗ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ ਕੁੱਲ 17 ਮਾਮਲੇ ਸਾਹਮਣੇ ਆਏ ਸਨ। -ਪੀਟੀਆਈ