ਜਿਨਸੀ ਛੇੜਛਾੜ ਕਾਰਨ ਖੁਦ ਨੂੰ ਅੱਗ ਲਗਾਉਣ ਵਾਲੀ ਵਿਦਿਆਰਥਣ ਦੀ ਮੌਤ
ਬਰਨ ਸੈਂਟਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘‘ਮਰੀਜ਼ ਨੂੰ ਆਈਵੀ ਫਲੂਡਜ਼, ਆਈਵੀ ਐਂਟੀਬਾਇਓਟਿਕਸ ਨਾਲ ਮੁੜ ਸੁਰਜੀਤ ਕੀਤਾ ਗਿਆ, ਇੰਟਿਊਬੇਟ ਕੀਤਾ ਗਿਆ ਅਤੇ ਮਕੈਨੀਕਲ ਵੈਂਟੀਲੇਸ਼ਨ ’ਤੇ ਰੱਖਿਆ ਗਿਆ ਸੀ। ਪਰ 14 ਜੁਲਾਈ ਨੂੰ ਰਾਤ 11:46 ਵਜੇ ਉਸ ਨੂੰ ਕਲੀਨਿਕਲੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।’’
ਐਕਸ ’ਤੇ ਇੱਕ ਪੋਸਟ ਵਿੱਚ,ਮੁੱਖ ਮੰਤਰੀ ਨੇ ਕਿਹਾ, "ਮੈਨੂੰ ਫਕੀਰ ਮੋਹਨ ਆਟੋਨੋਮਸ ਕਾਲਜ ਦੀ ਵਿਦਿਆਰਥਣ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਸਰਕਾਰ ਦੁਆਰਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਮਾਹਰ ਮੈਡੀਕਲ ਟੀਮ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਪੀੜਤਾ ਦੀ ਜਾਨ ਨਹੀਂ ਬਚਾਈ ਜਾ ਸਕੀ।"
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਸ਼ਾਮ ਨੂੰ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਦਾ ਦੌਰਾ ਕੀਤਾ ਅਤੇ ਵਿਦਿਆਰਥਣ ਦੀ ਹਾਲਤ ਬਾਰੇ ਪੁੱਛਗਿੱਛ ਕੀਤੀ ਸੀ।
ਜਿਵੇਂ ਹੀ ਹਸਪਤਾਲ ਨੇ ਵਿਦਿਆਰਥਣ ਦੀ ਮੌਤ ਦਾ ਐਲਾਨ ਕੀਤਾ ਬੀਜੇਡੀ ਅਤੇ ਕਾਂਗਰਸ ਦੇ ਆਗੂਆਂ ਅਤੇ ਕਾਰਕੁਨਾਂ ਨੇ ਸੋਮਵਾਰ ਦੇਰ ਰਾਤ ਏਮਜ਼ ਕੈਂਪਸ ਦੇ ਅੰਦਰ ਵਿਰੋਧ ਪ੍ਰਦਰਸ਼ਨ ਕੀਤਾ। ਪੁਲੀਸ ਨੇ ਲਾਸ਼ ਲੈ ਕੇ ਜਾਣ ਵਾਲੇ ਵਾਹਨ ਦੀ ਆਵਾਜਾਈ ਲਈ ਸੜਕ ਸਾਫ਼ ਕਰਨ ਲਈ ਵਿਰੋਧੀ ਮੈਂਬਰਾਂ ਨੂੰ ਜ਼ਬਰਦਸਤੀ ਹਟਾ ਦਿੱਤਾ। ਫਕੀਰ ਮੋਹਨ (ਆਟੋਨੋਮਸ) ਕਾਲਜ ਦੇ ਸਿੱਖਿਆ ਵਿਭਾਗ ਦੇ ਮੁਖੀ ਸਮੀਰਾ ਕੁਮਾਰ ਸਾਹੂ ਅਤੇ ਪ੍ਰਿੰਸੀਪਲ ਦਿਲੀਪ ਘੋਸ਼ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। -ਪੀਟੀਆਈ