ਪਾਕਿ ਨਾਲ ਸਬੰਧਾਂ ਵਿੱਚ ਮਜ਼ਬੂਤੀ ਭਾਰਤ ਦੀ ਕੀਮਤ ’ਤੇ ਨਹੀਂ: ਰੂਬੀਓ
ਅਮਰੀਕਾ ਨੇ ਭਾਰਤੀ ਕੂਟਨੀਤੀ ਨੂੰ ਪਰਿਪੱਕ ਤੇ ਵਿਹਾਰਕ ਦੱਸਿਆ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਰਣਨੀਤਕ ਸਬੰਧ ਵਧਾਉਣ ਦਾ ਚਾਹਵਾਨ ਤਾਂ ਹੈ ਪਰ ਅਜਿਹਾ ਭਾਰਤ ਨਾਲ ਉਸ ਦੇ ਇਤਿਹਾਸਕ ਅਤੇ ਅਹਿਮ ਸਬੰਧਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ। ਸੋਮਵਾਰ ਨੂੰ ਕੁਆਲਾਲੰਪੁਰ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਰੂਬੀਓ ਨੇ ਰੂਸ ਨਾਲ ਭਾਰਤ ਦੇ ਊਰਜਾ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਕੱਚੇ ਤੇਲ ਦੀ ਆਪਣੀ ਖਰੀਦ ਵਿੱਚ ਵਿਭਿੰਨਤਾ ਲਿਆਉਣ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਭਾਰਤੀ ਕੂਟਨੀਤੀ ਨੂੰ ਪ੍ਰਪੱਕ ਅਤੇ ਵਿਹਾਰਕ ਹੈ।
ਅਮਰੀਕੀ ਵਿਦੇਸ਼ ਮੰਤਰੀ ਆਸਿਆਨ ਸੰਮੇਲਨ ਲਈ ਮਲੇਸ਼ੀਆ ਫੇਰੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਸਵਾਲ ਦੇ ਜਵਾਬ ਵਿੱਚ ਰੂਬੀਓ ਨੇ ਕਿਹਾ ਕਿ ਨਵੀਂ ਦਿੱਲੀ ‘ਸਪੱਸ਼ਟ ਕਾਰਨਾਂ ਕਰਕੇ ਚਿੰਤਤ’ ਹੈ ਅਤੇ ਵਾਸ਼ਿੰਗਟਨ ਦੇ ਇਸਲਾਮਾਬਾਦ ਨਾਲ ਸਬੰਧ ਨਵੀਂ ਦਿੱਲੀ ਨਾਲ ਸਬੰਧਾਂ ਦੀ ਕੀਮਤ ’ਤੇ ਨਹੀਂ ਹੋਣਗੇ। ਉਨ੍ਹਾਂ ਕਿਹਾ, ‘‘ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਸਾਨੂੰ ਵੱਖ-ਵੱਖ ਦੇਸ਼ਾਂ ਨਾਲ ਸਬੰਧ ਰੱਖਣੇ ਪੈਂਦੇ ਹਨ। ਅਸੀਂ ਪਾਕਿਸਤਾਨ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਵਧਾਉਣ ਦਾ ਮੌਕਾ ਦੇਖਦੇ ਹਾਂ। ਭਾਰਤੀ ਕੂਟਨੀਤੀ ਵਿੱਚ ਬਹੁਤ ਪ੍ਰਪੱਕ ਹਨ। ਦੇਖੋ, ਉਨ੍ਹਾਂ ਦੇ ਕੁਝ ਅਜਿਹੇ ਦੇਸ਼ਾਂ ਨਾਲ ਸਬੰਧ ਹਨ ਜਿਨ੍ਹਾਂ ਨਾਲ ਸਾਡੇ ਸਬੰਧ ਨਹੀਂ ਹਨ। ਇਸ ਲਈ ਇਹ ਇੱਕ ਪ੍ਰਪੱਕ ਅਤੇ ਵਿਹਾਰਕ ਵਿਦੇਸ਼ ਨੀਤੀ ਦਾ ਹਿੱਸਾ ਹੈ।’’ ਰੂਬੀਓ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਅਸੀਂ ਪਾਕਿਸਤਾਨ ਨਾਲ ਜੋ ਕੁਝ ਵੀ ਕਰ ਰਹੇ ਹਾਂ, ਉਹ ਭਾਰਤ ਨਾਲ ਸਾਡੇ ਸਬੰਧਾਂ ਜਾਂ ਦੋਸਤੀ ਦੀ ਕੀਮਤ ’ਤੇ ਹੈ, ਜੋ ਡੂੰਘੀ, ਇਤਿਹਾਸਕ ਅਤੇ ਅਹਿਮ ਹੈ।’’
ਰੂਸ ਤੋਂ ਤੇਲ ਖਰੀਦਣ ਅਤੇ ਅਮਰੀਕਾ ਨਾਲ ਵਪਾਰਕ ਸੌਦੇ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਰੂਬੀਓ ਨੇ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਆਪਣੇ ਤੇਲ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣ ਵਿੱਚ ਦਿਲਚਸਪੀ ਦਿਖਾ ਚੁੱਕੀ ਹੈ। ਉਨ੍ਹਾਂ ਕਿਹਾ, ‘‘ਸਪੱਸ਼ਟ ਹੈ ਕਿ ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਨੂੰ ਵੇਚਾਂਗੇ, ਓਨਾ ਹੀ ਘੱਟ ਉਹ ਕਿਸੇ ਹੋਰ ਤੋਂ ਖਰੀਦਣਗੇ ਪਰ ਅਸੀਂ ਦੇਖਾਂਗੇ ਕਿ ਇਸ ਸਬੰਧੀ ਗੱਲ ਕਿੱਥੇ ਪੁੱਜਦੀ ਹੈ।’’

