Stones pelted at Rajdhani Express ਮੱਧ ਪ੍ਰਦੇਸ਼: ਰਾਜਧਾਨੀ ਐਕਸਪ੍ਰੈਸ ’ਤੇ ਪੱਥਰਬਾਜ਼ੀ
ਭੋਪਾਲ, 21 ਜੂਨ
ਮੱਧ ਪ੍ਰਦੇਸ਼ ਵਿੱਚ ਇੱਕ ਰਾਜਧਾਨੀ ਐਕਸਪ੍ਰੈਸ ’ਤੇ ਪੱਥਰਬਾਜ਼ੀ ਹੋਈ ਜਿਸ ਕਾਰਨ ਰੇਲਵੇ ਸੁਰੱਖਿਆ ਬਲ (ਆਰਪੀਐਫ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਜਦੋਂ ਕੇ.ਐਸ.ਆਰ. ਬੰਗਲੁਰੂ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ (22691) ਰਾਣੀ ਕਮਲਾਪਤੀ (ਪਹਿਲਾਂ ਹਬੀਬਗੰਜ) ਅਤੇ ਭੋਪਾਲ ਸਟੇਸ਼ਨਾਂ ਦਰਮਿਆਨ ਜਾ ਰਹੀ ਸੀ।
ਇੱਕ ਯਾਤਰੀ ਨੇ ਕਿਹਾ ਕਿ ਜਦੋਂ ਉਹ ਰਾਤ ਦਾ ਖਾਣਾ ਖਾ ਰਿਹਾ ਸੀ ਤਾਂ ਇੱਕ ਪੱਥਰ ਖਿੜਕੀ ਦੇ ਸ਼ੀਸ਼ੇ ਨੂੰ ਤੋੜ ਕੇ ਉਸ ਦੀ ਪਲੇਟ ’ਤੇ ਆਣ ਡਿੱਗਿਆ ਆਰ.ਪੀ.ਐਫ. ਭੋਪਾਲ ਡਿਵੀਜ਼ਨ ਦੇ ਕਮਾਂਡੈਂਟ ਪ੍ਰਸ਼ਾਂਤ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਬੀ-4 ਕੋਚ ਵਿੱਚ ਸੀਟ ਨੰਬਰ 41 ’ਤੇ ਬੈਠੇ ਦੀਪਕ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਇਹ ਪਤਾ ਲੱਗਿਆ ਹੈ ਕਿ ਰਾਤ 10.30 ਵਜੇ ਦੇ ਕਰੀਬ ਰੇਲਗੱਡੀ ’ਤੇ ਪੱਥਰ ਸੁੱਟੇ ਗਏ ਅਤੇ ਰਾਤ 10.42 ਵਜੇ ਰੇਲ ਹੈਲਪ ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਗਈ।
ਮਹਾਰਾਸ਼ਟਰ ਦੇ ਭਾਜਪਾ ਨੇਤਾ ਚੰਦਨ ਗੋਸਵਾਮੀ ਨੇ ਦਿੱਲੀ ਤੋਂ ਪੀਟੀਆਈ ਨੂੰ ਦੱਸਿਆ ਕਿ ਜਦੋਂ ਬੀ-4 ਕੋਚ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਸੀਟ ਨੰਬਰ 9 ’ਤੇ ਬੈਠਾ ਸੀ। ਉਹ ਖੁਸ਼ਕਿਸਮਤੀ ਨਾਲ ਬਚ ਗਿਆ ਕਿਉਂਕਿ ਪੱਥਰ ਖਿੜਕੀ ਦੇ ਸ਼ੀਸ਼ੇ ਦੇ ਹੇਠਾਂ ਲੱਗੇ।
ਉਨ੍ਹਾਂ ਕਿਹਾ ਕਿ ਭੰਨਤੋੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਪੀਟੀਆਈ