ਤੈਰਾਕ ਬੁਲਾ ਚੌਧਰੀ ਦੇ ਚੋਰੀ ਹੋਏ ਤਗ਼ਮੇ ਬਰਾਮਦ
ਸਾਬਕਾ ਤੈਰਾਕ ਤੇ ਪਦਮਸ੍ਰੀ ਐਵਾਰਡੀ ਬੁਲਾ ਚੌਧਰੀ ਦੇ ਹੁਗਲੀ ਜ਼ਿਲ੍ਹੇ ’ਚ ਸਥਿਤ ਉਸ ਦੇ ਘਰੋਂ ਦੋ ਦਿਨ ਪਹਿਲਾਂ ਚੋਰੀ ਹੋਏ ਤਗ਼ਮੇ ਪੁਲੀਸ ਨੇ ਬਰਾਮਦ ਕਰ ਲਏ ਹਨ ਤੇ ਇਸ ਮਾਮਲੇ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਚੋਰੀ ਦੀ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਸੀਆਈਡੀ ਨੇ ਸ਼ਨਿਚਰਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਸੀਆਈਡੀ ਟੀਮ ਨੇ ਬੁਲਾ ਚੌਧਰੀ ਦੇ ਹੁਗਲੀ ਜ਼ਿਲ੍ਹੇ ਦੇ ਹਿੰਦ ਮੋਟਰ ਇਲਾਕੇ ’ਚ ਸਥਿਤ ਜੱਦੀ ਘਰ ਦਾ ਦੌਰਾ ਕੀਤਾ ਸੀ ਅਤੇ ਸੀਸੀਟੀਵੀ ਫੁਟੇਜ ਤੋਂ ਇਲਾਵਾ ਵੱਖ-ਵੱਖ ਵਸਤਾਂ ਤੋਂ ਫਿੰਗਰਪ੍ਰਿੰਟਸ ਦੇ ਸੈਂਪਲ ਲਏ ਸਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਸ਼ੁੱਕਰਵਾਰ ਨੂੰ ਬੁਲਾ ਚੌਧਰੀ ਨੇ ਕਿਹਾ ਸੀ ਕਿ ਉਸ ਦੇ ਤਗ਼ਮੇ ਤੇ ਮੋਮੈਂਟੋ ਜਿਨ੍ਹਾਂ ਵਿੱਚ ਉਸ ਦਾ ਪਦਮਸ੍ਰੀ ਸਨਮਾਨ ਤੇ ਸੈਫ ਖੇਡਾਂ ’ਚ ਜਿੱਤੇ ਛੇ ਸੋਨ ਤਗ਼ਮੇ ਸ਼ਾਮਲ ਸਨ, ਚੋਰੀ ਹੋ ਗਏ ਹਨ। ਜਦਕਿ ਅਰਜੁਨ ਐਵਾਰਡ ਤੇ ਤੇਨਜ਼ਿੰਗ ਨੌਰਗੇ ਐਡਵੈਂਚਰ ਐਵਾਰਡ ਵੱਕਾਰੀ ਸਨਮਾਨ ਚੋਰੀ ਹੋਣੋਂ ਬਚ ਗਏ ਸਨ। ਪੱਛਮੀ ਬੰਗਾਲ ਦੇ ਹੁਗਲੀ ’ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਸਾਬਕਾ ਤੈਰਾਕ ਬੁਲਾ ਚੌਧਰੀ ਨਾਲ ਸਬੰਧਤ ਤਗ਼ਮੇ ਦਿਖਾਉਂਦਿਆਂ ਕਿਹਾ ਕਿ ਚੋਰੀ ਦੀ ਵਾਰਦਾਤ ਤੋਂ ਦੋ ਦਿਨ ਬਾਅਦ ਇਹ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦੇ ਸਬੰਧ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੁਲਾ ਚੌਧਰੀ ਮੌਜੂਦਾ ਸਮੇਂ ਆਪਣੇ ਪਰਿਵਾਰ ਨਾਲ ਕੋਲਕਾਤਾ ਦੇ ਕਸਬਾ ਇਲਾਕੇ ’ਚ ਰਹਿ ਰਹੀ ਹੈ ਤੇ ਉਨ੍ਹਾਂ ਦੇ ਜੱਦੀ ਘਰ ਦੀ ਸਾਂਭ ਸੰਭਾਲ ਉਸ ਦਾ ਭਰਾ ਮਿਲੋਨ ਚੌਧਰੀ ਕਰਦਾ ਹੈੈ।