DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਜਬਰ ਜਨਾਹ ਤੋਂ ਬਚਣ ਲਈ ਘਰ ਰਹੋ’: ਗੁਜਰਾਤ ਟਰੈਫਿਕ ਪੁਲੀਸ ਦੀ ਮੁਹਿੰਮ ਦੇ ਪੋਸਟਰਾਂ ’ਤੇ ਵਿਵਾਦ

ਗੈਰ-ਸਰਕਾਰੀ ਸੰਗਠਨ (NGO) ‘ਸਤਰਕਤਾ ਗਰੁੱਪ’ ਨੇ ਟਰੈਫਿਕ ਪੁਲੀਸ ਦੀ ਸਹਿਮਤੀ ਤੋਂ ਬਿਨਾਂ ਇਹ ਵਿਵਾਦਪੂਰਨ ਪੋਸਟਰ ਬਣਾਏ: ਅਧਿਕਾਰੀ
  • fb
  • twitter
  • whatsapp
  • whatsapp
featured-img featured-img
Photo Viral/X
Advertisement

ਅਹਿਮਦਾਬਾਦ ਟਰੈਫਿਕ ਪੁਲੀਸ ਵੱਲੋਂ ਇੱਕ ਸੁਰੱਖਿਆ ਮੁਹਿੰਮ ਲਈ ਕਥਿਤ ਤੌਰ ’ਤੇ ਸਪਾਂਸਰ ਕੀਤੇ ਗਏ ਪੋਸਟਰਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਪੋਸਟਰਾਂ ਵਿੱਚ ਔਰਤਾਂ ਨੂੰ ਜਬਰ ਜਨਾਹ ਤੋਂ ਬਚਣ ਲਈ ਘਰ ਰਹਿਣ ਦੀ ਅਪੀਲ ਕੀਤੀ ਗਈ ਸੀ।

Advertisement

ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਚਿਪਕਾਏ ਗਏ ਇਨ੍ਹਾਂ ਪੋਸਟਰਾਂ ’ਤੇ ਵਿਰੋਧੀ ਧਿਰ ਨੇ ਆਲੋਚਨਾ ਕੀਤੀ ਹੈ ਅਤੇ ਗੁਜਰਾਤ ਵਿੱਚ ਔਰਤਾਂ ਦੀ ਸੁਰੱਖਿਆ ’ਤੇ ਸਵਾਲ ਚੁੱਕੇ ਹਨ।

‘‘ਦੇਰ ਰਾਤ ਦੀਆਂ ਪਾਰਟੀਆਂ ਵਿੱਚ ਸ਼ਾਮਲ ਨਾ ਹੋਵੋ, ਤੁਹਾਡੇ ਨਾਲ ਜਬਰ ਜਨਾਹ ਜਾਂ ਸਮੂਹਿਕ ਜਬਰ ਜਨਾਹ ਹੋ ਸਕਦਾ ਹੈ’’ ਅਤੇ ‘‘ਆਪਣੀ ਸਹੇਲੀ ਨਾਲ ਹਨੇਰੇ, ਸੁੰਨਸਾਨ ਇਲਾਕਿਆਂ ਵਿੱਚ ਨਾ ਜਾਓ, ਕੀ ਪਤਾ ਉਸ ਨਾਲ ਜਬਰ ਜਨਾਹ ਜਾਂ ਸਮੂਹਿਕ ਜਬਰ ਜਨਾਹ ਹੋ ਜਾਵੇ?’’ ਗੁਜਰਾਤੀ ਭਾਸ਼ਾ ਵਿਚ ਲਿਖੇ ਅਜਿਹੇ ਬਿਆਨਾਂ ਵਾਲੇ ਪੋਸਟਰ ਸੋਲਾ ਅਤੇ ਚਾਂਦਲੋਡੀਆ ਇਲਾਕਿਆਂ ਵਿੱਚ ਸੜਕ ਦੇ ਡਿਵਾਈਡਰਾਂ ’ਤੇ ਚਿਪਕਾਏ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਆਫ਼ ਪੁਲੀਸ (ਟਰੈਫਿਕ ਵੈਸਟ) ਨੀਤਾ ਦੇਸਾਈ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਟਰੈਫਿਕ ਪੁਲੀਸ ਨੇ ਸੜਕ ਸੁਰੱਖਿਆ ਸੰਬੰਧੀ ਪੋਸਟਰਾਂ ਨੂੰ ਸਪਾਂਸਰ ਕੀਤਾ ਸੀ, ਨਾ ਕਿ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਪੋਸਟਰਾਂ ਨੂੰ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਕ ਗੈਰ-ਸਰਕਾਰੀ ਸੰਗਠਨ (NGO) ‘ਸਤਰਕਤਾ ਗਰੁੱਪ’ ਨੇ ਟਰੈਫਿਕ ਪੁਲੀਸ ਦੀ ਸਹਿਮਤੀ ਤੋਂ ਬਿਨਾਂ ਇਹ ਵਿਵਾਦਪੂਰਨ ਪੋਸਟਰ ਬਣਾਏ ਸਨ।

ਦੇਸਾਈ ਨੇ ਕਿਹਾ, ‘‘ਐਨਜੀਓ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਸਕੂਲਾਂ ਅਤੇ ਕਾਲਜਾਂ ਵਿੱਚ ਟਰੈਫਿਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਸਨ ਕਿ ਸਾਡਾ ਸਟਾਫ਼ ਉਨ੍ਹਾਂ ਦੇ ਨਾਲ ਜਾਵੇ। ਸਾਨੂੰ ਟਰੈਫਿਕ ਜਾਗਰੂਕਤਾ ਨਾਲ ਸਬੰਧਤ ਪੋਸਟਰ ਦਿਖਾਏ ਗਏ ਸਨ। ਪਰ ਅਜਿਹੇ ਵਿਵਾਦਪੂਰਨ ਪੋਸਟਰ ਸਾਨੂੰ ਨਹੀਂ ਦਿਖਾਏ ਗਏ ਅਤੇ ਸਾਡੀ ਸਹਿਮਤੀ ਤੋਂ ਬਿਨਾਂ ਚਿਪਕਾਏ ਗਏ।’’

ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੋਸਟਰਾਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ।

ਗੁਜਰਾਤ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਨ੍ਹਾਂ ਪੋਸਟਰਾਂ ਨੇ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਪਰਦਾਫਾਸ਼ ਕਰ ਦਿੱਤਾ ਹੈ ‘ਆਪ’ ਨੇ ਇੱਕ ਬਿਆਨ ਵਿੱਚ ਕਿਹਾ, ‘‘ਗੁਜਰਾਤ ਵਿੱਚ ਭਾਜਪਾ ਸਰਕਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਗੁਜਰਾਤ ਵਿੱਚ ਜਬਰ ਜਨਾਹ ਦੀਆਂ 6,500 ਤੋਂ ਵੱਧ ਅਤੇ ਸਮੂਹਿਕ ਜਬਰ ਜਨਾਹ ਦੀਆਂ 36 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦੀ ਰੋਜ਼ਾਨਾ ਗਿਣਤੀ ਪੰਜ ਤੋਂ ਵੱਧ ਹੈ।"

Advertisement
×