ਸ੍ਰੀਨਗਰ: ਸੰਜੈ ਸਿੰਘ ਸਰਕਟ ਹਾਊਸ ’ਚ ਨਜ਼ਰਬੰਦ
ਪੁਲੀਸ ਨੇ ‘ਆਪ’ ਦੇ ਡੋਡਾ ਤੋਂ ਵਿਧਾਇਕ ਮਹਿਰਾਜ ਮਲਿਕ ਦੀ ਲੋਕ ਸੁਰੱਖਿਆ ਕਾਨੂੰਨ (ਪੀ ਐੱਸ ਏ) ਤਹਿਤ ਗ੍ਰਿਫ਼ਤਾਰੀ ਖ਼ਿਲਾਫ਼ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਅੱਜ ਨਾਕਾਮ ਕਰ ਦਿੱਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਸਮੇਤ ਪਾਰਟੀ ਮੈਂਬਰਾਂ ਨੂੰ ਸਰਕਟ ਹਾਊਸ ਤੋਂ ਬਾਹਰ ਨਹੀਂ ਜਾਣ ਦਿੱਤਾ। ਪੁਲੀਸ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਨੂੰ ਵੀ ਸੰਜੈ ਸਿੰਘ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ। ਸੰਜੈ ਸਿੰਘ ‘ਆਪ’ ਮੈਂਬਰਾਂ ਨਾਲ ਬੀਤੇ ਦਿਨ ਸ੍ਰੀਨਗਰ ਪੁੱਜੇ ਅਤੇ ਅੱਜ ਇੱਥੇ ਪ੍ਰੈੱਸ ਐਨਕਲੇਵ ’ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਤੇ ਧਰਨਾ ਦੇਣ ਵਾਲੇ ਸਨ। ‘ਆਪ’ ਮੈਂਬਰ ਸ਼ਹਿਰ ਦੇ ਸੋਨਵਾਰ ਇਲਾਕੇ ’ਚ ਸਰਕਟ ਹਾਊਸ ’ਚ ਠਹਿਰੇ ਹੋਏ ਸਨ। ਹਾਲਾਂਕਿ ਸਰਕਟ ਹਾਊਸ ਦੇ ਬਾਹਰ ਪੁਲੀਸ ਦੀ ਇੱਕ ਟੁਕੜੀ ਤਾਇਨਾਤ ਕਰ ਦਿੱਤੀ ਗਈ ਅਤੇ ਉਸ ਦੇ ਗੇਟ ਬੰਦ ਕਰ ਦਿੱਤੇ ਗਏ। ਸੰਜੈ ਸਿੰਘ ਤੇ ਪਾਰਟੀ ਦੇ ਹੋਰ ਮੈਂਬਰਾਂ ਨੇ ਸਰਕਟ ਹਾਊਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ। ਇੱਕ ਵੀਡੀਓ ਸੁਨੇਹੇ ’ਚ ਸੰਜੈ ਸਿੰਘ ਨੇ ਪੁਲੀਸ ਦੀ ਕਾਰਵਾਈ ਨੂੰ ‘ਤਾਨਾਸ਼ਾਹੀ’ ਕਰਾਰ ਦਿੱਤਾ। ਇਸੇ ਦੌਰਾਨ ਸਰਕਟ ਹਾਊਸ ’ਚ ਪੁਲੀਸ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਗਿਆ। ਪੁਲੀਸ ਨੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਬਦੁੱਲ੍ਹਾ ਨੂੰ ਕੰਪਲੈਕਸ ਅੰਦਰ ਦਾਖਲ ਨਹੀਂ ਹੋਣ ਦਿੱਤਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘‘ਵਿਧਾਇਕ (ਡੋਡਾ) ਖ਼ਿਲਾਫ਼ ਪੀ ਐੱਸ ਏ ਦੀ ਵਰਤੋਂ ਗਲਤ ਹੈ ਅਤੇ ਹੁਣ ਤੁਸੀਂ ਇੱਕ ਰਾਜ ਸਭਾ ਮੈਂਬਰ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਗਲਤੀ ਨੂੰ ਹੋਰ ਵਧਾ ਦਿੱਤਾ ਹੈ।’’
ਵਿਧਾਇਕ ਦੇ ਪਿਤਾ ਨੇ ਪੁੱਤ ਦੀ ਸ਼ਬਦਾਵਲੀ ਲਈ ਮੁਆਫੀ ਮੰਗੀ
ਜੰਮੂ: ਹਿਰਾਸਤ ’ਚ ਲਏ ਗਏ ‘ਆਪ’ ਵਿਧਾਇਕ ਮਹਿਰਾਜ ਮਲਿਕ ਦੇ ਪਿਤਾ ਸ਼ਮਸੂਦੀਨ ਮਲਿਕ ਤਣਾਅ ਵਧਣ ਤੇ ਕਮਜ਼ੋਰੀ ਕਾਰਨ ਬੇਹੋਸ਼ ਹੋ ਗਏ ਜਿਸ ਮਗਰੋਂ ਅੱਜ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸ਼ਮਸੂਦੀਨ ਮਲਿਕ ਨੇ ਆਪਣੇ ਪੁੱਤਰ ਵੱਲੋਂ ਡਿਪਟੀ ਕਮਿਸ਼ਨਰ ਲਈ ਵਰਤੀ ਗਈ ਭਾਸ਼ਾ ਲਈ ਮੁਆਫੀ ਮੰਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਅਪੀਲ ਕੀਤੀ ਮਹਿਰਾਜ ਖ਼ਿਲਾਫ਼ ਸਖ਼ਤ ਪੀ ਐੱਸ ਏ ਤਹਿਤ ਦੋਸ਼ਾਂ ਨੂੰ ਰੱਦ ਕਰਕੇ ਉਸ ਦੀ ਰਿਹਾਈ ਯਕੀਨੀ ਬਣਾਈ ਜਾਵੇ। -ਪੀਟੀਆਈ