ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ
ਮਸ਼ਕੂਕ ’ਤੇ ਆਪਰੇਸ਼ਨ ਸਿੰਧੂਰ ਬਾਰੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦਾ ਦੋਸ਼
ਰਾਜਸਥਾਨ ਦੀ ਸੀਆਈਡੀ ਇੰਟੈਲੀਜੈਂਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਜੈਸਲਮੇਰ ਤੋਂ ਇਕ ਹੋਰ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਹਿਲ ਪਿੰਡ ਦੇ ਵਸਨੀਕ ਹਨੀਫ਼ ਖਾਨ (47) ’ਤੇ ਪੈਸੇ ਖ਼ਾਤਰ ਭਾਰਤੀ ਫੌਜ ਬਾਰੇ ਗੁਪਤ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ ਨੂੰ ਭੇਜਣ ਦਾ ਦੋਸ਼ ਹੈ। ਉਸ ਉੱਤੇ ਸਰਹੱਦ ਪਾਰ ਆਪ੍ਰੇਸ਼ਨ ਸਿੰਧੂਰ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਵੀ ਦੋਸ਼ ਹੈ।
ਸੀਆਈਡੀ ਇੰਟੈਲੀਜੈਂਸ ਦੇ ਇੰਸਪੈਕਟਰ ਜਨਰਲ ਡਾ. ਵਿਸ਼ਨੂੰ ਕਾਂਤ ਨੇ ਕਿਹਾ ਕਿ ਇੱਕ ਟੀਮ ਲੰਬੇ ਸਮੇਂ ਤੋਂ ਹਨੀਫ਼ ਖਾਨ ਦੀਆਂ ਸ਼ੱਕੀ ਸਰਗਰਮੀਆਂ ’ਤੇ ਨਜ਼ਰ ਰੱਖ ਰਹੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਆਈਐਸਆਈ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਕਈ ਵਾਰ ਪਾਕਿਸਤਾਨ ਗਿਆ ਸੀ।
ਹਨੀਫ਼ ਕੋਲ ਸ੍ਰੀਗੰਗਾਨਗਰ ਦੇ ਮੋਹਨਗੜ੍ਹ ਅਤੇ ਘੜਸਾਣਾ ਵਰਗੇ ਸਰਹੱਦੀ ਖੇਤਰਾਂ ਤੱਕ ਸੌਖੀ ਰਸਾਈ ਸੀ, ਜਿਸ ਦਾ ਉਸ ਨੇ ਫੌਜੀ ਟਿਕਾਣਿਆਂ ਅਤੇ ਫੌਜੀ ਸਰਗਰਮੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਫਾਇਦਾ ਉਠਾਇਆ।
ਪੁੱਛਗਿੱਛ ਤੋਂ ਪਤਾ ਲੱਗਾ ਕਿ ਹਨੀਫ਼ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਏਜੰਟਾਂ ਨੂੰ ਫੌਜ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਵੀ ਦਿੱਤੀ ਸੀ। ਸਰਹੱਦ ਪਾਰ ਤੋਂ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਸਨ।
ਵੱਖ-ਵੱਖ ਖੁਫੀਆ ਏਜੰਸੀਆਂ ਵੱਲੋਂ ਕੀਤੀ ਗਈ ਤਕਨੀਕੀ ਜਾਂਚ ਤੋਂ ਬਾਅਦ ਹਨੀਫ਼ ਨੂੰ ਸਟੇਟ ਸੀਕਰੇਟਸ ਐਕਟ, 1923 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਸੂਸੀ ਦੇ ਦੋਸ਼ ਤਹਿਤ ਜੈਸਲਮੇਰ ਤੋਂ ਇਸ ਸਾਲ ਇਹ ਪੰਜਵੀਂ ਗ੍ਰਿਫਤਾਰੀ ਹੈ।