ਤਕਨੀਕੀ ਖਰਾਬੀ ਕਾਰਨ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਪੁਣੇ ਤੋਂ ਦਿੱਲੀ ਜਾ ਰਹੀ ਸਪਾਈਸਜੈੱਟ ਦੀ ਇੱਕ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅੱਧ ਵਿਚਕਾਰੋਂ ਵਾਪਸ ਮੋੜ ਲਿਆ ਗਿਆ ਅਤੇ ਇਸ ਨੇ ਪੁਣੇ ਦੇ ਹਵਾਈ ਅੱਡੇ 'ਤੇ ਪੂਰੀ ਐਮਰਜੈਂਸੀ ਹਾਲਾਤਾਂ ਵਿੱਚ ਲੈਂਡਿੰਗ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸਪਾਈਸਜੈੱਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਗਿਆ ਅਤੇ ਯਾਤਰੀਆਂ ਨੂੰ ਆਮ ਵਾਂਗ ਹੇਠਾਂ ਉਤਾਰ ਲਿਆ ਗਿਆ।
ਸੂਤਰ ਨੇ ਦੱਸਿਆ, “ਸਪਾਈਸਜੈੱਟ ਦਾ ਬੋਇੰਗ 737 ਜਹਾਜ਼, ਜਿਸਦਾ ਰਜਿਸਟ੍ਰੇਸ਼ਨ ਨੰਬਰ VT-SLG ਹੈ, ਤਕਨੀਕੀ ਖਰਾਬੀ ਕਾਰਨ ਅੱਧ ਵਿਚਕਾਰੋਂ ਹੀ ਪੁਣੇ ਹਵਾਈ ਅੱਡੇ ਲਈ ਵਾਪਸ ਮੋੜ ਦਿੱਤਾ ਗਿਆ। ਜਹਾਜ਼ ਨੇ ਦਿੱਲੀ ਲਈ ਉਡਾਣ ਭਰਨ ਤੋਂ ਇੱਕ ਘੰਟੇ ਬਾਅਦ ਪੂਰੀ ਐਮਰਜੈਂਸੀ ਹਾਲਾਤਾਂ ਵਿੱਚ ਵਾਪਸ ਲੈਂਡ ਕੀਤਾ।”
ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਅਨੁਸਾਰ, ਫਲਾਈਟ SG937 ਪੁਣੇ ਹਵਾਈ ਅੱਡੇ ਤੋਂ ਸਵੇਰੇ 6 ਵਜੇ ਦੇ ਨਿਰਧਾਰਿਤ ਸਮੇਂ ਤੋਂ 40 ਮਿੰਟ ਦੇਰੀ ਨਾਲ ਰਵਾਨਾ ਹੋਈ ਸੀ ਅਤੇ ਇਸ ਨੂੰ ਸਵੇਰੇ 8.10 ਵਜੇ ਦਿੱਲੀ ਪਹੁੰਚਣਾ ਸੀ।
ਏਅਰਲਾਈਨ ਨੇ ਕਿਹਾ, “ਸਪਾਈਸਜੈੱਟ ਦੀ ਫਲਾਈਟ SG 937 ਜੋ 1 ਸਤੰਬਰ ਨੂੰ ਪੁਣੇ ਤੋਂ ਦਿੱਲੀ ਜਾ ਰਹੀ ਸੀ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਪੁਣੇ ਵਾਪਸ ਪਰਤ ਆਈ। ਉਡਾਣ ਭਰਨ ਤੋਂ ਬਾਅਦ, ਫਲੈਪ ਟਰਾਂਜ਼ਿਟ ਲਾਈਟ ਚੱਲ ਪਈ ਅਤੇ ਚਾਲਕ ਦਲ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਾਂ ਅਨੁਸਾਰ ਸਾਰੀਆਂ ਜ਼ਰੂਰੀ ਜਾਂਚਾਂ ਕੀਤੀਆਂ।”
ਸਪਾਈਸਜੈੱਟ ਨੇ ਕਿਹਾ ਕਿ ਸਾਵਧਾਨੀ ਵਜੋਂ ਪਾਇਲਟਾਂ ਨੇ ਪੁਣੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ, ‘‘ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਗਿਆ ਅਤੇ ਯਾਤਰੀਆਂ ਨੂੰ ਆਮ ਵਾਂਗ ਉਤਾਰ ਲਿਆ ਗਿਆ। ਪ੍ਰਭਾਵਿਤ ਯਾਤਰੀਆਂ ਨੂੰ ਬਦਲਵੀਆਂ ਉਡਾਣਾਂ ਵਿੱਚ ਭੇਜਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ।’’