ਸੰਸਦ ’ਚ ਵੰਦੇ ਮਾਤਰਮ ’ਤੇ ਵਿਸ਼ੇਸ਼ ਚਰਚਾ ਅੱਜ
ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ’ਚ ਬਹਿਸ ਦੀ ਸ਼ੁਰੂਆਤ ਕਰਨਗੇ; ਪ੍ਰਿਯੰਕਾ ਗਾਂਧੀ ਵੀ ਚਰਚਾ ’ਚ ਹਿੱਸਾ ਲੈਣਗੇ; ਰਾਜ ਸਭਾ ’ਚ ਸ਼ਾਹ ਭਲਕੇ ਵਿਚਾਰ ਰੱਖਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮੌਕੇ ਹੋਣ ਵਾਲੀ ਵਿਸ਼ੇਸ਼ ਬਹਿਸ ਦੀ ਸ਼ੁਰੂਆਤ ਕਰਨਗੇ। ਇਸ ਬਹਿਸ ਲਈ ਲੋਕ ਸਭਾ ਵਿੱਚ 10 ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਚਰਚਾ ਦੌਰਾਨ ਵੰਦੇ ਮਾਤਰਮ ਨਾਲ ਜੁੜੇ ਕਈ ਅਹਿਮ ਅਤੇ ਅਣਗੌਲੇ ਪਹਿਲੂ ਦੇਸ਼ ਸਾਹਮਣੇ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਨਗੇ। ਇਸ ਬਹਿਸ ਵਿੱਚ ਕਾਂਗਰਸ ਦੇ ਗੌਰਵ ਗੋਗੋਈ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਹਿੱਸਾ ਲੈਣਗੇ। ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਦੀਪੇਂਦਰ ਹੁੱਡਾ, ਕੇ ਸੀ ਵੇਣੂਗੋਪਾਲ ਅਤੇ ਮਨੀਸ਼ ਤਿਵਾੜੀ ਸ਼ਾਮਲ ਹਨ।
ਰਾਜ ਸਭਾ ਵਿੱਚ ਇਸ ਵਿਸ਼ੇ ’ਤੇ ਚਰਚਾ ਮੰਗਲਵਾਰ ਨੂੰ ਹੋਵੇਗੀ, ਜਿਸ ਦੀ ਸ਼ੁਰੂਆਤ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਰਾਜ ਸਭਾ ਦੇ ਨੇਤਾ ਜੇ ਪੀ ਨੱਢਾ ਦੂਜੇ ਬੁਲਾਰੇ ਹੋਣਗੇ। ਇਸੇ ਤਰ੍ਹਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਚਰਚਾ ਵਿੱਚ ਹਿੱਸਾ ਲੈਣਗੇ। ਬੰਕਿਮ ਚੰਦਰ ਚੈਟਰਜੀ ਦੇ ਗੀਤ ਦੀ ਧੁਨ ਜਾਦੂਨਾਥ ਭੱਟਾਚਾਰੀਆ ਨੇ ਤਿਆਰ ਕੀਤੀ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 7 ਨਵੰਬਰ ਨੂੰ ਵੰਦੇ ਮਾਤਰਮ ਦੇ 150ਵੇਂ ਸਾਲ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦੇਸ਼ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਗੀਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹਿਸ ਦੌਰਾਨ ਵੰਦੇ ਮਾਤਰਮ ਨਾਲ ਜੁੜੇ ਕਈ ਅਹਿਮ ਪਹਿਲੂ ਦੇਸ਼ ਦੇ ਸਾਹਮਣੇ ਆਉਣਗੇ।
ਸ੍ਰੀ ਮੋਦੀ ਨੇ ਕਾਂਗਰਸ ’ਤੇ ਦੋਸ਼ ਲਾਇਆ ਸੀ ਕਿ ਇਸ ਨੇ 1937 ਵਿੱਚ ਵੰਦੇ ਮਾਤਰਮ ਦੇ ਅਹਿਮ ਪਹਿਰੇ ਹਟਾ ਕੇ ਵੰਡ ਦੇ ਬੀਜ ਬੀਜੇ ਸਨ। ਇਸ ਬਹਿਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਣ ਦੇ ਆਸਾਰ ਹਨ। ਲੋਕ ਸਭਾ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਚੋਣ ਸੁਧਾਰਾਂ ’ਤੇ ਵੀ ਬਹਿਸ ਹੋਵੇਗੀ, ਜਿਸ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੋਧ (ਐੱਸ ਆਈ ਆਰ) ਸਮੇਤ ਇਸ ਵਿਵਾਦਪੂਰਨ ਵਿਸ਼ੇ ਦੇ ਸਾਰੇ ਪਹਿਲੂ ਸ਼ਾਮਲ ਹੋਣਗੇ। ਰਾਜ ਸਭਾ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਚੋਣ ਸੁਧਾਰਾਂ ’ਤੇ ਚਰਚਾ ਕਰੇਗੀ। ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਦੇ ਪਹਿਲੇ ਦੋ ਦਿਨਾਂ ਦੀ ਕਾਰਵਾਈ ਵਿਰੋਧੀ ਧਿਰ ਵੱਲੋਂ ਐੱਸ ਆਈ ਆਰ ’ਤੇ ਕੀਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਵਾਰ-ਵਾਰ ਮੁਲਤਵੀ ਹੋਣ ਕਰਕੇ ਪ੍ਰਭਾਵਿਤ ਹੋਈ ਸੀ। ਇਸ ਤੋਂ ਪਹਿਲਾਂ ਸੰਸਦ ਦਾ ਮੌਨਸੂਨ ਇਜਲਾਸ ਵੀ ਐੱਸ ਆਈ ਆਰ ’ਤੇ ਬਹਿਸ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹ ਗਿਆ ਸੀ।

