ਸਪਾ ਵਿਧਾਇਕ ਅਬੂ ਆਸਿਮ ਆਜ਼ਮੀ ਮਹਾਰਾਸ਼ਟਰ ਵਿਧਾਨ ਸਭਾ ਤੋਂ ਮੁਅੱਤਲ
ਮੁੰਬਈ, 5 ਮਾਰਚ
ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਸ਼ਲਾਘਾ ਕਰਨ ਵਾਲੇ ਬਿਆਨ ਲਈ ਅੱਜ ਮਹਾਰਾਸ਼ਟਰ ਵਿਧਾਨ ਸਭਾ ਤੋਂ ਬਜਟ ਸੈਸ਼ਨ ਦੇ ਖ਼ਤਮ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਬਜਟ ਸੈਸ਼ਨ 26 ਮਾਰਚ ਨੂੰ ਖ਼ਤਮ ਹੋਵੇਗਾ। ਇਸ ਸਬੰਧੀ ਆਜ਼ਮੀ ਨੇ ਕਿਹਾ ਕਿ ਟਿੱਪਣੀ ਵਾਪਸ ਲੈਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਮਾਜਵਾਦੀ ਪਾਰਟੀ ਨੂੰ ਆਜ਼ਮੀ ਦੀ ਟਿੱਪਣੀ ’ਤੇ ਸਟੈਂਡ ਲੈਣ ਲਈ ਕਿਹਾ ਅਤੇ ਮੁਗਲ ਸ਼ਾਸਕ ਦੀ ਸ਼ਲਾਘਾ ਕਰਨ ਲਈ ਆਜ਼ਮੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਮਹਾਰਾਸ਼ਟਰ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਆਜ਼ਮੀ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਸੱਤਾਧਾਰੀ ਬੈਂਚ ਦੇ ਮੈਂਬਰਾਂ ਨੇ ਕਿਹਾ ਕਿ ਔਰੰਗਜ਼ੇਬ ਦੀ ਸ਼ਲਾਘਾ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਉਨ੍ਹਾਂ ਦੇ ਬੇਟੇ ਛਤਰਪਤੀ ਸੰਭਾਜੀ ਮਹਾਰਾਜ ਦਾ ਅਪਮਾਨ ਹੈ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ।
ਸਮਾਜਵਾਦੀ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਆਜ਼ਮੀ ਨੇ ਕਿਹਾ ਸੀ ਕਿ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਭਾਰਤ ਦੀ ਸਰਹੱਦ ਅਫ਼ਗਾਨਿਸਤਾਨ ਅਤੇ ਬਰਮਾ (ਮਿਆਂਮਾਰ) ਤੱਕ ਪਹੁੰਚ ਗਈ ਸੀ। ਮੁੰਬਈ ਦੇ ਮਾਨਖੁਰਦ ਸ਼ਿਵਾਜੀ ਨਗਰ ਹਲਕੇ ਤੋਂ ਵਿਧਾਇਕ ਨੇ ਦਾਅਵਾ ਕੀਤਾ, ‘ਸਾਡੀ ਜੀਡੀਪੀ (ਵਿਸ਼ਵ ਜੀਡੀਪੀ ਦਾ) 24 ਫੀਸਦ ਸੀ ਅਤੇ ਭਾਰਤ ਨੂੰ (ਉਸ ਦੇ ਸ਼ਾਸਨ ਕਾਲ ਦੌਰਾਨ) ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।’ ਔਰੰਗਜ਼ੇਬ ਤੇ ਛਤਰਪਤੀ ਸੰਭਾਜੀ ਮਹਾਰਾਜ ਵਿਚਾਲੇ ਜੰਗ ਬਾਰੇ ਪੁੱਛੇ ਜਾਣ ’ਤੇ ਆਜ਼ਮੀ ਨੇ ਇਸ ਨੂੰ ਸਿਆਸੀ ਲੜਾਈ ਕਰਾਰ ਦਿੱਤਾ। ਉਨ੍ਹਾਂ ਦੀ ਟਿੱਪਣੀ ਨੇ ਵਿਧਾਨ ਸਭਾ ਦੇ ਦੋਵਾਂ ਸਦਨਾਂ ’ਚ ਹਲਚਲ ਪੈਦਾ ਕਰ ਦਿੱਤੀ ਸੀ। -ਪੀਟੀਆਈ
ਸੱਚ ਬੋਲਣ ਤੋਂ ਰੋਕਿਆ ਨਹੀਂ ਜਾ ਸਕਦਾ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੂੰ ਮਹਾਰਾਸ਼ਟਰ ਵਿਧਾਨ ਸਭਾ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਇੱਥੇ ਕਿਹਾ ਕਿ ਅਜਿਹੀ ਕਾਰਵਾਈ ਪਾਰਟੀ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕਦੀ। ਆਜ਼ਮੀ ਨੂੰ ਬਰਖਾਸਤ ਕਰਕੇ ਉੱਤਰ ਪ੍ਰਦੇਸ਼ ਭੇਜਣ ਦੀ ਮੰਗ ਵਾਲੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਟਿੱਪਣੀ ਬਾਰੇ ਅਖਿਲੇਸ਼ ਨੇ ਕਿਹਾ, ‘ਜੋ ਖੁਦ ਬਿਮਾਰ ਹੈ, ਉਹ ਦੂਜਿਆਂ ਦਾ ਇਲਾਜ ਕਿਵੇਂ ਕਰ ਸਕਦਾ ਹੈ।’ ਉਨ੍ਹਾਂ ਕਿਹਾ ਕਿ ਜੇ ਮੁਅੱਤਲੀ ਦਾ ਆਧਾਰ ਕਿਸੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਪ੍ਰਗਟਾਵੇ ਦੀ ਆਜ਼ਾਦੀ ਦਾ ਸੰਕਲਪ ਆਪਣਾ ਅਰਥ ਗੁਆ ਦੇਵੇਗਾ। ਅਖਿਲੇਸ਼ ਨੇ ਕਿਹਾ, ‘ਜੇ ਕੁਝ ਲੋਕ ਸੋਚਦੇ ਹਨ ਕਿ ਮੁਅੱਤਲ ਕਰਕੇ ਉਹ ਸੱਚਾਈ ਨੂੰ ਦਬਾ ਸਕਦੇ ਹਨ ਤਾਂ ਉਹ ਬੱਚਿਆਂ ਵਾਲੀ ਅਤੇ ਨਕਾਰਾਤਮਕ ਸੋਚ ਰੱਖਦੇ ਹਨ।’ -ਪੀਟੀਆਈ