ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅੱਜ 79 ਵਰ੍ਹਿਆਂ ਦੇ ਹੋ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰ ਕੇ ਸੋਨੀਆ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ਵਿੱਚ ਕੇਕ ਕੱਟ ਕੇ ਜਨਮ ਦਿਨ ਮਨਾਇਆ ਅਤੇ ਸਾਥੀ ਸੰਸਦ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਵੀ ਮੌਜੂਦ ਸਨ। ਸੰਸਦ ਭਵਨ ਵਿੱਚ ਜਦੋਂ ਸੋਨੀਆ ਨੂੰ ਦੇਸ਼ ਨੂੰ ਸੁਨੇਹਾ ਦੇਣ ਲਈ ਕਿਹਾ ਤਾਂ ਉਨ੍ਹਾਂ ‘ਵੰਦੇ ਮਾਤਰਮ ਅਤੇ ਜੈ ਹਿੰਦ’ ਕਿਹਾ। ਮਲਿਕਾਰਜੁਨ ਖੜਗੇ ਨੇ ਸਵੇਰੇ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਲਿਤਾਂ ਤੇ ਪਿਛੜਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਆਗੂ ਦੱਸਿਆ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਯੂ ਪੀ ਏ ਸਰਕਾਰ ਦੌਰਾਨ ਸੋਨੀਆ ਗਾਂਧੀ ਦੇ ਫੈਸਲਿਆਂ ਸਦਕਾ ਇੱਕ ਦਹਾਕੇ ਵਿੱਚ 23 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਬਾਹਰ ਆਏ ਸਨ।

