ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਕੁੱਝ ਦੇਸ਼: ਰਾਜਨਾਥ
ਰੱਖਿਆ ਮੰਤਰੀ ਨੇ ਯੂਐੱਨ ਸ਼ਾਂਤੀ ਮਿਸ਼ਨਾਂ ’ਚ ਸ਼ਾਮਲ ਦੇਸ਼ਾਂ ਦੇ ਫ਼ੌਜ ਮੁਖੀਆਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੁੱਝ ਦੇਸ਼ ਕੌਮਾਂਤਰੀ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ; ਕਈ ਹੋਰ ਦੇਸ਼ ਖ਼ੁਦ ਦੇ ਨਿਯਮ ਬਣਾਉਣਾ ਚਾਹੁੰਦੇ ਹਨ ਅਤੇ ਅਗਲੀ ਸਦੀ ਵਿੱਚ ਆਪਣੀ ਪ੍ਰਭੂਸੱਤਾ ਕਾਇਮ ਕਰਨਾ ਚਾਹੁੰਦੇ ਹਨ। ਭਾਰਤ ਪੁਰਾਣੇ ਪੈ ਚੁੱਕੇ ਕੌਮਾਂਤਰੀ ਢਾਂਚਿਆਂ ਵਿੱਚ ਸੁਧਾਰ ਦੀ ਵਕਾਲਤ ਕਰਦਿਆਂ ਕੌਮਾਂਤਰੀ ਨਿਯਮ ਆਧਾਰਿਤ ਪ੍ਰਬੰਧ ਨੂੰ ਬਰਕਰਾਰ ਰੱਖਣ ਦੇ ਮਾਮਲੇ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ। ਰੱਖਿਆ ਮੰਤਰੀ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਲਈ ਸੈਨਿਕ ਭੇਜਣ ਵਾਲੇ ਦੇਸ਼ਾਂ ਦੇ ਫ਼ੌਜ ਮੁਖੀਆਂ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ, ਰਾਜਨਾਥ ਸਿੰਘ ਨੇ ਉਨ੍ਹਾਂ ਦੇਸ਼ਾਂ ਦਾ ਨਾਮ ਨਹੀਂ ਲਿਆ ਜੋ ਆਲਮੀ ਮਾਪਦੰਡਾਂ ਦਾ ਉਲੰਘਣਾ ਕਰ ਰਹੇ ਹਨ ਜਾਂ ਆਪਣੇ ਨਵੇਂ ਮਾਪਦੰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਇਹ ਟਿੱਪਣੀ ਚੀਨ ਦੇ ਵਧਦੇ ਹਮਲਾਵਰ ਰੁਖ਼ ਦੇ ਮੱਦੇਨਜ਼ਰ ਵਧਦੀਆਂ ਆਲਮੀ ਚਿੰਤਾਵਾਂ ਦੀ ਪਿੱਠਭੂਮੀ ਵਿੱਚ ਆਈ ਹੈ।
ਉਨ੍ਹਾਂ ਕਿਹਾ, ‘‘ਅੱਜ ਕੱਲ੍ਹ ਕੁੱਝ ਦੇਸ਼ ਖੁੱਲ੍ਹੇਆਮ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਕੁੱਝ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕੁੱਝ ਖ਼ੁਦ ਦੇ ਨਿਯਮ ਬਣਾਉਣਾ ਚਾਹੁੰਦੇ ਹਨ ਅਤੇ ਅਗਲੀ ਸਦੀ ਵਿੱਚ ਭਾਰੂ ਪੈਣਾ ਚਾਹੁੰਦੇ ਹਨ।’’ ਰੱਖਿਆ ਮੰਤਰੀ ਨੇ ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਆਲਮੀ ਸ਼ਾਂਤੀ ਯਕੀਨੀ ਬਣਾਉਣ ਵਾਸਤੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਯੋਗਦਾਨ ਪਾਉਣ ਵਾਲੇ ਦੇਸ਼ਾਂ ਲਈ 4ਸੀ ਫਾਰਮੂਲਾ ਪੇਸ਼ ਕੀਤਾ। ਇਸ ਦੌਰਾਨ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਅਨਿਲ ਚੌਹਾਨ ਦੀ ਨਵੀਂ ਪੁਸਤਕ ਰਿਲੀਜ਼ ਕੀਤੀ।