Social Media FIRs: ਧਰਾਲੀ ਆਫ਼ਤ ਬਾਰੇ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟਾਂ ਲਈ ਚਾਰ ਖ਼ਿਲਾਫ਼ ਕੇਸ ਦਰਜ
ਪੁਲੀਸ ਨੇ ਇਸ ਕੁਦਰਤੀ ਆਫ਼ਤ ਨੂੰ ਆਧਾਰ ਬਣਾ ਕੇ ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਫੈਲਾੳੁਣ ਤੇ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਪਾੳੁਣ ਵਿਰੁੱਧ ਦਿੱਤੀ ਚੇਤਾਵਨੀ
ਉੱਤਰਾਖੰਡ ਪੁਲੀਸ ਨੇ ਉੱਤਰਕਾਸ਼ੀ ਦੇ ਧਰਾਲੀ ਵਿਚ ਆਈ ਕੁਦਰਤੀ ਆਫ਼ਤ ਬਾਰੇ ਫੇਸਬੁੱਕ ਉਤੇ ਇਤਰਾਜ਼ਯੋਗ ਪੋਸਟਾਂ ਪਾਉਣ ਲਈ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਪੋਸਟਾਂ ਦਾ ਇਰਾਦਾ ਭਾਈਚਾਰਿਆਂ ਵਿਚਕਾਰ ਨਫ਼ਰਤ ਭੜਕਾਉਣਾ ਹੈ।
ਸਬ-ਇੰਸਪੈਕਟਰ ਵਿੱਕੀ ਟਾਮਟਾ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਇੱਥੇ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਚਾਰ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।
ਇੱਕ ਮੁਲਜ਼ਮ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਧਰਾਲੀ ਵਿਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਧਰਾਲੀ ਦੀਆਂ ਦੋ ਤਸਵੀਰਾਂ ਅਪਲੋਡ ਕੀਤੀਆਂ ਅਤੇ ਲਿਖਿਆ, "ਧਰਾਲੀ ਪਿੰਡ ਵਿੱਚ ਆਫ਼ਤ.. ਕੁਦਰਤ ਦਾ ਬੁਲਡੋਜ਼ਰ।" ਉਨ੍ਹਾਂ ਕਿਹਾ ਕਿ ਬਾਕੀਆਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਪੋਸਟ ਦੇ ਜਵਾਬ ਵਿੱਚ ਭੜਕਾਊ ਟਿੱਪਣੀਆਂ ਲਿਖੀਆਂ।
ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਮੁਲਜ਼ਮਾਂ ਵਿੱਚੋਂ ਇੱਕ ਨੇ ਲਿਖਿਆ "ਮਸਜਿਦਾਂ, ਮਜ਼ਾਰਾਂ ਅਤੇ ਮਦਰੱਸਿਆਂ ਨੂੰ ਢਾਹੁਣਾ ਬੰਦ ਕਰੋ।"
ਇੱਕ ਹੋਰ ਨੇ ਲਿਖਿਆ, "ਇਹ ਉਹੀ ਜਗ੍ਹਾ ਹੈ ਜਿੱਥੇ ਮੁਸਲਮਾਨਾਂ ਦੇ ਘਰ ਢਾਹ ਦਿੱਤੇ ਜਾਂਦੇ ਹਨ।" ਟਾਮਟਾ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਦੇਹਰਾਦੂਨ ਦੇ ਐਸਐਸਪੀ ਅਜੈ ਸਿੰਘ ਨੇ ਕਿਹਾ ਕਿ ਧਰਾਲੀ ਵਿੱਚ ਆਈ ਕੁਦਰਤੀ ਆਫ਼ਤ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਨਾਂ ਪੁਸ਼ਟੀ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਅਲੀ ਖ਼ਬਰਾਂ ਅਪਲੋਡ ਕਰਨ ਜਾਂ ਸਮੱਗਰੀ ਸਾਂਝੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।