* ਚੰਬਾ, ਕਾਂਗੜਾ, ਕੁੱਲੂ ਤੇ ਮੰਡੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਸਬੰਧੀ ਔਰੇਂਜ ਅਲਰਟ ਜਾਰੀ
ਸ਼ਿਮਲਾ, 20 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਕੁਝ ਥਾਵਾਂ ਤੇ ਉੱਚ ਇਲਾਕਿਆਂ ਅਤੇ ਲਾਹੌਲ ਸਪਿਤੀ, ਕਿੰਨੌਰ ਤੇ ਕੁੱਲੂ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਈ ਹੈ ਜਦਕਿ ਦਰਮਿਆਨੇ ਤੇ ਹੇਠਲੇ ਪਹਾੜੀ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਹੈ, ਜਿਸ ਕਾਰਨ ਕੁਝ ਸੜਕਾਂ ਨੂੰ ਬੰਦ ਕਰਨਾ ਪਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਤੋਂ ਸ਼ਿਲਾਰੂ ਵਿੱਚ 5 ਸੈਂਟੀਮੀਟਰ ਬਰਫ਼ ਪਈ ਜਦਕਿ ਗੋਂਡਲਾ ਵਿੱਚ 3 ਸੈਂਟੀਮੀਟਰ, ਕਲਪਾ ਵਿੱਚ 1.3 ਸੈਂਟੀਮੀਟਰ, ਸਾਂਗਲਾ ਵਿੱਚ 0.3 ਸੈਂਟੀਮੀਟਰ ਤੇ ਮਨਾਲੀ ਤੇ ਨਾਰਕੰਡਾ ਦੇ ਉਪਰਲੇ ਇਲਾਕਿਆਂ, ਰੋਹੜੂ, ਸ਼ਿਮਲਾ ਦੇ ਚਾਂਸਲ ਇਲਾਕੇ ਤੇ ਲਾਹੌਲ ਤੇ ਸਪਿਤੀ ਦੇ ਕੇਲੌਂਗ ’ਚ ਵੀ ਬਰਫ਼ਬਾਰੀ ਹੋਈ ਹੈ। ਮਨਾਲੀ ਦੇ ਉੱਚ ਇਲਾਕਿਆਂ ਵਿੱਚ ਬਰਫ਼ਬਾਰੀ ਕਾਰਨ ਨਹਿਰੂ ਕੁੰਡ ਤੋਂ ਪਿੱਛੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਿਮਲਾ ਜ਼ਿਲ੍ਹੇ ’ਚ ਪੈਂਦੀ ਚੌਪਾਲ-ਦੇਹਾ ਸੜਕ ਸਮੇਤ ਪੰਜ ਹੋਰ ਲਿੰਕ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਮੁਤਾਬਕ ਨਾਰਕੰਡਾ ਵਿੱਚ ਅਜੇ ਵੀ ਬਰਫ਼ਬਾਰੀ ਜਾਰੀ ਹੈ ਤੇ ਕੌਮੀ ਸ਼ਾਹਰਾਹ ਨੰਬਰ 5 (ਹਿੰਦੁਸਤਾਨ-ਤਿੱਬਤ ਰੋਡ) ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਟਰੈਫਿਕ ਨੂੰ ਸੈਂਜ ਤੋਂ ਸ਼ਿਮਲਾ ਵਾਇਆ ਲੂਹਰੀ ਬਦਲਵੇਂ ਰੂਟ ’ਤੇ ਪਾਇਆ ਗਿਆ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਵੀ ਪਿਆ ਹੈ। ਬੈਜਨਾਥ ਵਿੱਚ 9.1 ਐੱਮਐੱਮ, ਗੋਹਰ ਵਿੱਚ 9 ਐੱਮਐੱਮ, ਕਤੌਲਾ ਵਿੱਚ 8.4 ਐੱਮਐੱਮ, ਬ੍ਰਾਹਮਣੀ ਵਿੱਚ 8.2 ਐੱਮਐੱਮ, ਓਲੀਅਨ ਤੇ ਊਨਾ ਵਿੱਚ 8 ਐੱਮਐੱਮ, ਕਾਂਗੜਾ ਤੇ ਗੁਕਲੇਰ ਵਿੱਚ 7.8 ਐੱਮਐੱਮ, ਪਾਲਮਪੁਰ ਵਿੱਚ 7.4 ਐੱਮਐੱਮ ਤੇ ਜੋਗਿੰਦਰਨਗਰ ਵਿੱਚ 7 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸ਼ਿਮਲਾ, ਚੌਪਾਲ ਅਤੇ ਹਮੀਰਪੁਰ ਵਿੱਚ ਵੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ ਤੇ ਮੰਡੀ ਜ਼ਿਲ੍ਹਿਆਂ ਵਿੱਚ ਵੀਰਵਾਰ ਤੇ ਭਲਕੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਸਬੰਧੀ ਆਰੇਂਜ ਅਲਰਟ ਜਾਰੀ ਕੀਤਾ ਹੈ। -ਪੀਟੀਆਈ
ਵੈਸ਼ਨੋ ਦੇਵੀ ਮੰਦਰ ਲਈ ਹੈਲੀਕਾਪਟਰ ਅਤੇ ਰੋਪਵੇਅ ਸੇਵਾ ਠੱਪ
ਜੰਮੂ:
ਜੰਮੂ ਕਸ਼ਮੀਰ ’ਚ ਮੀਂਹ ਅਤੇ ਬਰਫ਼ਬਾਰੀ ਕਾਰਨ ਵੈਸ਼ਨੋ ਦੇਵੀ ਮੰਦਰ ਲਈ ਹੈਲੀਕਾਪਟਰ ਅਤੇ ਰੋਪਵੇਅ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਅੱਜ ਸਵੇਰੇ ਰਿਆਸੀ ਜ਼ਿਲ੍ਹੇ ’ਚ ਕਟੜਾ ਤੋਂ ਤ੍ਰਿਕੁਟਾ ਪਹਾੜੀਆਂ ’ਤੇ ਬਣੇ ਮਾਤਾ ਵੈਸ਼ਨੋ ਦੇਵੀ ਮੰਦਰ ਤੱਕ ਹੈਲੀਕਾਪਟਰ ਸੇਵਾ ਮੁਅੱਤਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੀਂਹ ਲਗਾਤਾਰ ਜਾਰੀ ਰਹਿਣ ਕਾਰਨ ਇਹਤਿਆਤ ਵਜੋਂ ਭਵਨ ਤੋਂ ਭੈਰੋਂ ਮੰਦਰ ਤੱਕ ਰੋਪਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਂਜ ਸ਼ਰਧਾਲੂਆਂ ਵੱਲੋਂ ਮੰਦਰ ਦੇ ਬਿਨਾਂ ਕਿਸੇ ਅੜਿੱਕੇ ਦੇ ਦਰਸ਼ਨ ਕੀਤੇ ਜਾ ਰਹੇ ਹਨ। ਬੈਟਰੀ ਕਾਰ ਸੇਵਾ ਆਮ ਵਾਂਗ ਚੱਲ ਰਹੀ ਹੈ। -ਪੀਟੀਆਈ