ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਵਿੱਚ ਠੰਢ ਵਧ ਗਈ ਹੈ। ਦੂਜੇ ਪਾਸੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਨੇੜੇ ਰੋਹਤਾਂਗ ਦੱਰੇ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਅੱਜ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਮਨਾਲੀ-ਲੇਹ ਸੜਕ ਨੂੰ ਦਾਰਚਾ ਤੋਂ ਅੱਗੇ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ ਦੇ ਬਾਕੀ ਖੇਤਰਾਂ ਨੂੰ ਲੱਦਾਖ ਨਾਲ ਜੋੜਨ ਵਾਲੀ ਸੜਕ ਹਰ ਸਰਦੀਆਂ ਵਿੱਚ ਬੰਦ ਰਹਿੰਦੀ ਹੈ।
ਇਸ ਤੋਂ ਪਹਿਲਾਂ ਲਾਹੌਲ-ਸਪਿਤੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਗ੍ਰਾਮਫੂ-ਲੋਸਰ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਸੀ।
ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ ਕਿਹਾ ਕਿ ਮਨਾਲੀ-ਲੇਹ ਸੜਕ ਹੁਣ ਅਗਲੇ ਸਾਲ ਮਈ-ਜੂਨ ਵਿੱਚ ਅਧਿਕਾਰਤ ਤੌਰ ’ਤੇ ਮੁੜ ਖੋਲ੍ਹੀ ਜਾਵੇਗੀ।
ਮਨਾਲੀ ਨੇੜੇ ਰੋਹਤਾਂਗ ਵਿਚ ਤਾਜ਼ਾ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦੇ ਚਿਹਰੇ ਖਿੜ ਗਏ ਹਨ। ਹਾਲਾਂਕਿ ਇਸ ਨਾਲ ਸੜਕਾਂ ’ਤੇ ਤਿਲਕਣ ਵਧ ਗਈ ਹੈ ਅਤੇ ਵਾਹਨਾਂ ਦੀ ਆਵਾਜਾਈ ਸੀਮਤ ਹੋ ਗਈ ਹੈ।
ਮਨਾਲੀ ਦੇ ਵਸਨੀਕ ਹੇਮਰਾਜ ਠਾਕੁਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਸਮ ਵਿਚ ਮਨਾਲੀ ਵਿੱਚ ਵੀ ਬਰਫ਼ ਪੈ ਸਕਦੀ ਹੈ। ਉਸ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਕ੍ਰਿਸਮਸ ਅਤੇ ਨਵੇਂ ਸਾਲ ’ਤੇ ਵੀ ਬਰਫ ਪਵੇਗੀ। ਇੱਕ ਹੋਰ ਸਥਾਨਕ ਵਾਸੀ ਕਨਵ ਨੇ ਕਿਹਾ ਕਿ ਬਰਫ਼ਬਾਰੀ ਨੇ ਮਨਾਲੀ ਦੇ ਵਸਨੀਕਾਂ ਵਿੱਚ ਖੁਸ਼ੀ ਲਿਆਂਦੀ ਹੈ।
ਮੰਡੀ ਵਿੱਚ ਅੱਜ ਹਲਕੀ ਧੁੰਦ ਪਈ ਜਦੋਂ ਕਿ ਤਾਬੋ, ਕੁਫ਼ਰੀ ਅਤੇ ਰਿਕਾਂਗਪੀਓ ਵਿੱਚ 43-44 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਪੀਟੀਆਈ

