ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਮਾਮਲੇ ’ਚ ਛੇ ਗ੍ਰਿਫ਼ਤਾਰ
ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ: ਆਈਜੀ
Advertisement
ਪਟਨਾ ਦੇ ਪਾਰਸ ਹਸਪਤਾਲ ਵਿਚ ਅੱਜ ਸਵੇਰੇ ਪੰਜ ਹਥਿਆਰਬੰਦ ਵਿਅਕਤੀਆਂ ਨੇ ਗੈਂਗਸਟਰ ਚੰਦਨ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਸ਼ਰਾ, ਜੋ ਇਸ ਵੇਲੇ ਪੈਰੋਲ ’ਤੇ ਸੀ, ਆਈਸੀਯੂ ਵਿਚ ਦਾਖ਼ਲ ਸੀ। ਪੁਲੀਸ ਨੇ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਘਟਨਾ ਸਬੰਧੀ ਪਟਨਾ ਅਤੇ ਬਕਸਰ ਵਿੱਚ ਛੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਸੈਂਟਰਲ ਰੇਂਜ (ਪਟਨਾ) ਦੇ ਇੰਸਪੈਕਟਰ ਜਨਰਲ (ਆਈਜੀ) ਜਤਿੰਦਰ ਰਾਣਾ ਨੇ ਕਿਹਾ, ‘‘ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲੀਸ ਨੇ ਚੰਦਨ ਮਿਸ਼ਰਾ ਦੀ ਹੱਤਿਆ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਘਟਨਾ ਦੇ ਸਬੰਧ ਵਿੱਚ ਪਟਨਾ ਅਤੇ ਬਕਸਰ ਵਿੱਚ ਘੱਟੋ-ਘੱਟ ਛੇ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।’’ ਪਟਨਾ (ਕੇਂਦਰੀ) ਦੀ ਪੁਲੀਸ ਸੁਪਰਡੈਂਟ ਦੀਕਸ਼ਾ ਨੇ ਕਿਹਾ, ‘‘ਅਸੀਂ ਹਸਪਤਾਲ ਅਤੇ ਹੋਰ ਥਾਵਾਂ ਤੋਂ ਇਕੱਠੇ ਕੀਤੀ ਸੀਸੀਟੀਵੀ ਫੁਟੇਜ ਖੰਘਾਲ ਰਹੇ ਹਾਂ। ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਭਾਲ ਜਾਰੀ ਹੈ।’’
Advertisement
ਪੁਲੀਸ ਮੁਤਾਬਕ ਹਮਲਾਵਰ ਬੜੇ ਆਰਾਮ ਨਾਲ ਹਸਪਤਾਲ ਵਿਚ ਦਾਖਲ ਹੋਏ। ਉਹ ਮਿਸ਼ਰਾ ਦੇ ਕੈਬਿਨ ਵਿਚ ਗਏ, ਗੋਲੀਆਂ ਚਲਾਈਆਂ ਤੇ ਮਿੰਟਾਂ ਵਿਚ ਮੌਕੇ ਤੋਂ ਰਫੂਚੱਕਰ ਹੋ ਗਏ। ਮਿਸ਼ਰਾ ਬਕਸਰ ਜ਼ਿਲ੍ਹੇ ਦਾ ਵਸਨੀਕ ਤੇ ਕਈ ਕੇਸਾਂ ਵਿਚ ਮੁੁਲਜ਼ਮ ਸੀ। ਉਸ ਨੂੰ ਕਈ ਗੋਲੀਆਂ ਲੱਗੀਆਂ ਤੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
Advertisement