ਸੀਤਾਰਮਨ ਵੱਲੋਂ ਜੀਐੱਸਟੀ ਸੁਧਾਰਾਂ ਦੇ ਸਮਰਥਨ ਲਈ ਵਿੱਤ ਮੰਤਰੀਆਂ ਦਾ ਧੰਨਵਾਦ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਨੂੰ ਪੱਤਰ ਲਿਖ ਕੇ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦਰਾਂ ਵਿੱਚ ਇਤਿਹਾਸਕ ਬਦਲਾਅ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੇ ਸਮਰਥਨ ਅਤੇ ਸਰਗਰਮ ਭੂਮਿਕਾ ਲਈ ਧੰਨਵਾਦ ਕੀਤਾ ਹੈ।
ਸੀਤਾਰਮਨ ਨੇ ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਸੂਬਿਆਂ ਨੇ ਟੈਕਸ ਦਰਾਂ ਵਿੱਚ ਬਦਲਾਅ ਦੀ ਤਜਵੀਜ਼ ’ਤੇ ਆਪਣੇ ਵਿਚਾਰ ਰੱਖੇ ਪਰ ਅਖ਼ੀਰ ਇਸ ਗੱਲ ’ਤੇ ਸਹਿਮਤੀ ਬਣੀ ਕਿ ਜੀਐੱਸਟੀ ਦਰਾਂ ਵਿੱਚ ਕਟੌਤੀ ਆਮ ਆਦਮੀ ਦੇ ਹਿੱਤ ਵਿੱਚ ਹੈ। ਇਸੇ ਤਰਕ ਦੇ ਆਧਾਰ ’ਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਜੀਐੱਸਟੀ ਦਰਾਂ ਵਿੱਚ ਕਟੌਤੀ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ 3 ਸਤੰਬਰ ਨੂੰ ਜੀਐੱਸਟੀ ਵਿਆਪਕ ਸੁਧਾਰਾਂ ’ਤੇ ਸਹਿਮਤੀ ਬਣੀ ਸੀ।
ਸੀਤਾਰਮਨ ਨੇ ਕਿਹਾ, ‘‘ਕੱਲ੍ਹ ਮੈਂ ਸੂਬਿਆਂ ਦੇ ਵਿੱਤ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਕਿੰਨੀ ਵੀ ਡੂੰਘੀ ਚਰਚਾ ਤੇ ਤਰਕ ਕਰ ਸਕਦੇ ਹੋ ਪਰ ਅਖ਼ੀਰ ਕੌਂਸਲ ਨੇ ਇਸ ਮੌਕੇ ’ਤੇ ਕਦਮ ਉਠਾਇਆ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਅਤੇ ਮੈਂ ਇਸ ਇਕਜੁੱਟਤਾ ਵਾਲੇ ਰਵੱਈਏ ਲਈ ਧੰਨਵਾਦੀ ਹਾਂ। ਇਸ ਵਾਸਤੇ ਮੈਂ ਇਹ ਪੱਤਰ ਲਿਖਿਆ ਹੈ।’’ ਸੀਤਾਰਮਨ ਨੇ ਕਿਹਾ ਕਿ ਕੌਂਸਲ ਦਾ ਕੰਮ ਅਸਲ ਵਿੱਚ ਹੀ ‘ਜ਼ਿਕਰਯੋਗ’ ਰਿਹਾ ਹੈ।
ਕੀ ਕੌਮੀ ਮੁਨਾਫ਼ਾਖੋਰੀ ਵਿਰੋਧੀ ਅਥਾਰਿਟੀ ਨੂੰ ਨਵੀਂ ਤਾਕਤ ਮਿਲੇਗੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਸਵਾਲ ਕੀਤਾ ਹੈ ਕਿ ਕੀ ਕੌਮੀ ਮੁਨਾਫ਼ਾਖੋਰੀ ਵਿਰੋਧੀ ਅਥਾਰਿਟੀ, ਜੋਜੀਐੱਸਟੀ ਦਰਾਂ ਵਿੱਚ ਕਟੌਤੀ ਦਾ ਲਾਭ ਖ਼ਪਤਕਾਰਾਂ ਤੱਕ ਪਹੁੰਚਾਉਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਥਾਪਤ ਕੀਤੀ ਗਈ ਸੀ, ਨੂੰ ਇਹ ਯਕੀਨੀ ਬਣਾਉਣ ਲਈ ਨਵੀਂ ਤਾਕਤ ਮਿਲੇਗੀ ਕਿ ਸਿਰਫ ਕੁਝ ਚੋਣਵੇਂ ਲੋਕਾਂ ਨੂੰ ਹੀ ਇਸ ਦਾ ਲਾਭ ਨਾ ਮਿਲੇ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਕੌਮੀ ਮੁਨਾਫ਼ਾਖੋਰੀ ਵਿਰੋਧੀ ਅਥਾਰਿਟੀ (ਐੱਨ ਏ ਏ) ਦੀ ਸਥਾਪਨਾ ਕੇਂਦਰੀ ਵਸਤਾਂ ਤੇ ਸੇਵਾਵਾਂ ਕਰ ਐਕਟ 2017 ਦੀ ਧਾਰਾ 171 ਤਹਿਤ ਇਹ ਨਿਗਰਾਨੀ ਕਰਨ ਲਈ ਕੀਤੀ ਗਈ ਸੀ ਕਿ ਕੀ ਜੀਐੱਸਟੀ ਦਰਾਂ ਵਿੱਚ ਕਟੌਤੀ ਨਾਲ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਉਨ੍ਹਾਂ ‘ਐਕਸ’ ਉੱਤੇ ਪਾਈ ਇੱਕ ਪੋਸਟ ਵਿੱਚ ਸਵਾਲ ਕੀਤਾ, ‘‘ਕੀ ਹੁਣ ਐੱਨ ਏ ਏ ਨੂੰ ਨਵਾਂ ਜੀਵਨ ਮਿਲੇਗਾ? ਇਹ ਕਿਵੇਂ ਯਕੀਨੀ ਬਣਾਇਆ ਜਾਵੇਗਾ ਕਿ ਦਰਾਂ ਵਿੱਚ ਕਟੌਤੀ ਦਾ ਲਾਭ ਸਿਰਫ ਕੁਝ ਚੋਣਵੇਂ ਲੋਕਾਂ ਨੂੰ ਹੀ ਨਾ ਮਿਲੇ।’’ -ਪੀਟੀਆਈ
ਕਾਂਗਰਸ ਦੇ ਰਾਜ ’ਚ ਟੈਕਸ ਦੇ ਬੋਝ ਝੱਲਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ: ਭਾਜਪਾ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਜੀਐੱਸਟੀ ਦਰਾਂ ਵਿੱਚ ਕਟੌਤੀ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਬਲਕਿ ਦੇਸ਼ ਦੇ ਅਰਥਚਾਰੇ ਨੂੰ ਵੀ ਬੜ੍ਹਾਵਾ ਮਿਲੇਗਾ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਕੇਂਦਰ ਵਿੱਚ ਕਾਂਗਰਸ ਦੇ ਰਾਜ ਦੌਰਾਨ ਟੈਕਸ ਦਾ ਭਾਰੀ ਬੋਝ ਸੀ। ਇੱਥੇ ਭਾਜਪਾ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੈਸ਼ਨਵ ਨੇ ਕਿਹਾ, ‘‘22 ਸਤੰਬਰ, ਨਰਾਤਿਆਂ ਦਾ ਪਹਿਲਾ ਦਿਨ, ਸਾਡੇ ਸਾਰਿਆਂ ਲਈ, ਸਾਰੇ ਮੱਧ ਵਰਗੀ ਪਰਿਵਾਰਾਂ ਲਈ ਅਤੇ ਇਸ ਦੇਸ਼ ਦੇ 140 ਕਰੋੜ ਨਾਗਰਿਕਾਂ ਲਈ ਇਕ ਨਵੀਂ ਖੁਸ਼ੀ ਲੈ ਕੇ ਆਵੇਗਾ।’’ ਉਨ੍ਹਾਂ ਕਿਹਾ ਕਿ ਜੀਐੱਸਟੀ ਸੁਧਾਰ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜ੍ਹਾਵਾ ਦੇਣ ਦਾ ਕੰਮ ਕਰਨਗੇ। ਸੂਚਨਾ ਤੇ ਪ੍ਰਸਾਰਨ ਮੰਤਰੀ ਨੇ ਕਿਹਾ, ‘‘ਇਸ ਸੁਧਾਰ ਨਾਲ ਦੇਸ਼ ਦੇ 140 ਕਰੋੜ ਲੋਕਾਂ ਦੀ ਜ਼ਿੰਦਗੀ ਵਿੱਚ ਵੱਡੀ ਰਾਹਤ ਆਈ ਹੈ। 2014 ਤੋਂ ਪਹਿਲਾਂ (ਕਾਂਗਰਸ ਦੇ ਸ਼ਾਸਨ ਦੌਰਾਨ) ਹਰੇਕ ਵਸਤਾਂ ’ਤੇ ਲੱਗਣ ਵਾਲੇ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਦੇ ਜਾਲ ਕਾਰਨ ਆਮ ਲੋਕਾਂ ’ਤੇ ਭਾਰੀ ਬੋਝ ਸੀ।’’ -ਪੀਟੀਆਈ