ਸੀਨੀਅਰ ਆਈ ਪੀ ਐੱਸ ਅਧਿਕਾਰੀ ਅਸਰਾ ਗਰਗ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੱਲੋਂ ਅੱਜ 27 ਸਤੰਬਰ ਨੂੰ ਇੱਥੇ ਟੀ ਵੀ ਕੇ ਮੁਖੀ ਵਿਜੈ ਦੀ ਰੈਲੀ ਦੌਰਾਨ ਮੱਚੀ ਭਗਦੜ ਦੀ ਜਾਂਚ ਕੀਤੀ ਗਈ। ਉਧਰ, ਪੁਲੀਸ ਨੇ ਅਦਾਕਾਰ ਤੇ ਸਿਆਸਤਦਾਨ ਵਿਜੈ ਦੇ ਪ੍ਰਚਾਰ ਵਾਹਨ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਭਗਦੜ ਦੌਰਾਨ 41 ਜਣਿਆਂ ਦੀ ਮੌਤ ਹੋ ਗਈ ਸੀ, ਜਦੋਂਕਿ ਲਗਪਗ 60 ਜ਼ਖ਼ਮੀ ਹੋ ਗਏ। ਮਦਰਾਸ ਹਾਈ ਕੋਰਟ ਦੇ 3 ਅਕਤੂਬਰ ਦੇ ਹੁਕਮਾਂ ਦੇ ਆਧਾਰ ’ਤੇ ਐੱਸ ਆਈ ਟੀ ਬਣਾਈ ਗਈ ਸੀ। ਗਰਗ ਨੇ ਕਿਹਾ ਕਿ ਸਿਟ ਵਿੱਚ 11 ਪੁਲੀਸ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੇਲੂਸਾਮੀਪੁਰਮ ਵਿੱਚ ਭਗਦੜ ਵਾਲੀ ਥਾਂ ਦਾ ਦੌਰਾ ਕੀਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮਾਣਯੋਗ ਹਾਈ ਕੋਰਟ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾਈ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਸੀਂ ਅੱਜ ਉਸ ਥਾਂ (ਜਿੱਥੇ ਇਹ ਘਟਨਾ ਵਾਪਰੀ) ਦਾ ਦੌਰਾ ਕਰਕੇ ਜਾਂਚ ਕਰ ਰਹੇ ਹਾਂ।’’ ਮੀਡੀਆ ਨਾਲ ਆਪਣੀ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਅੱਜ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ।’’
ਉਧਰ, ਪੁਲੀਸ ਨੇ ਇਸ ਹਾਦਸੇ ਸਬੰਧੀ ਵਿਜੈ ਦੇ ਪ੍ਰਚਾਰ ਵਾਹਨ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਤਾਮਿਲਾਗਾ ਵੈਤਰੀ ਕੜਗਮ (ਟੀ ਵੀ ਕੇ) ਮੁਖੀ ਵਿਜੈ ਦੇ ਪ੍ਰਚਾਰ ਵਾਹਨ ਦੇ ਡਰਾਈਵਰ ਨੂੰ ਵੀ ਐੱਫ ਆਈ ਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ ਉਸ ਘਟਨਾ ਨਾਲ ਸਬੰਧਤ ਹੈ ਜਿਸ ਵਿੱਚ ਵਿਜੈ ਦੇ ਕੁਝ ਪ੍ਰਸ਼ੰਸਕ ਪ੍ਰਚਾਰ ਵਾਲੀ ਬੱਸ ਦੇ ਨੇੜੇ ਮੋਟਰਸਾਈਕਲ ਚਲਾ ਰਹੇ ਸਨ ਤਾਂ ਜੋ ਉਹ ਅਦਾਕਾਰ ਦੀ ਇੱਕ ਝਲਕ ਪਾ ਸਕਣ ਅਤੇ ਇਸ ਦੌਰਾਨ ਕਥਿਤ ਹਾਦਸਾ ਵਾਪਰ ਗਿਆ। ਹਾਦਸੇ ਦੀ ਇੱਕ ਵੀਡੀਓ ਕਈ ਟੀਵੀ ਚੈਨਲਾਂ ’ਤੇ ਦਿਖਾਈ ਗਈ ਸੀ ਅਤੇ ਸੋਸ਼ਲ ਮੀਡੀਆ ਉੱਤੇ ਵੀ ਸਾਂਝੀ ਕੀਤੀ ਗਈ ਸੀ।