ਬਿਹਾਰ ਦੀ ਤਰਜ਼ ’ਤੇ 12 ਸੂਬਿਆਂ ਵਿਚ ਐੱਸ ਆਈ ਆਰ ਹੋਵੇਗੀ: ਚੋਣ ਕਮਿਸ਼ਨ
ਅੱਜ ਰਾਤ ਤੋਂ ਵੋਟਰ ਸੂਚੀਆਂ ਫਰੀਜ਼ ਕਰ ਦਿੱਤੀਆਂ ਜਾਣਗੀਆਂ; ਘਰਾਂ ਵਿਚ ਤਿੰਨ ਵਾਰ ਜਾ ਕੇ ਜਾਂਚ ਕਰਨਗੇ ਬੀ ਐੱਲ ਓ
Election Commission announces phase two of special intensive revision of electoral rolls in 12 states: CEC Gyanesh Kumar. ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐਸ ਆਈ ਆਰ) 12 ਸੂਬਿਆਂ ਤੇ ਯੂਟੀਜ਼ ਵਿਚ ਲਾਗੂ ਹੋਵੇਗੀ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਰਦਿਆਂ ਕਿਹਾ ਕਿ ਇਨ੍ਹਾਂ ਸੂਬਿਆਂ ਦੀਆਂ ਵੋਟਰ ਸੂਚੀਆਂ ਅੱਜ ਰਾਤ ਤੋਂ ਹੀ ਫਰੀਜ਼ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਐਸ ਆਈ ਆਰ ਦਾ ਪਹਿਲਾ ਪੜਾਅ ਬਿਹਾਰ ਵਿਚ ਸਫਲ ਰਿਹਾ ਹੈ ਜਿਸ ਕਰ ਕੇ ਇਸ ਦਾ ਦੂਜਾ ਪੜਾਅ ਲਾਗੂ ਕੀਤਾ ਜਾ ਰਿਹਾ ਹੈ। ਇਸ ਵਿਚ ਵੋਟਰ ਸੂਚੀਆਂ ਦੀ ਸੁਧਾਈ, ਨਵੇਂ ਵੋਟਰਾਂ ਦੇ ਨਾਂ ਐਡ ਕਰਨ ਤੇ ਤਰੁੱਟੀਆਂ ਨੂੰ ਦੂਰ ਕਰਨ ਦਾ ਕੰਮ ਕੀਤਾ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਅਗਲੇ ਸਾਲ ਅਸਾਮ, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ ਤੇ ਪੁਡੂਚੇਰੀ ਵਿਚ ਵੋਟਾਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਨੂੰ ਖਾਮੀਆਂ ਮੁਕਤ ਕਰਨ ਲਈ ਬੀ ਐਲ ਓ ਤਿੰਨ ਵਾਰ ਘਰ ਘਰ ਜਾ ਕੇ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਪਹਿਲੇ ਪੜਾਅ ਦੌਰਾਨ ਐਸ ਆਈ ਆਰ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਜਿਸ ਕਰ ਕੇ ਇਸ ਦਾ ਦਾਇਰਾ ਵਧਾਇਆ ਜਾ ਰਿਹਾ ਹੈ।ਚੋਣ ਕਮਿਸ਼ਨ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬੰਗਾਲ ਸਣੇ 12 ਰਾਜਾਂ ਵਿਚ ਐਸ ਆਈ ਆਰ ਲਾਗੂ ਹੋਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਚੋਣ ਕਮਿਸ਼ਨ ਨੇ ਬਾਕੀ ਸੂਬਿਆਂ ਦੇ ਅਧਿਕਾਰੀਆਂ ਨਾਲ ਦੋ ਮੀਟਿੰਗਾਂ ਕੀਤੀਆਂ ਸਨ ਤੇ ਇਸ ਤੋਂ ਬਾਅਦ ਦੇਸ਼ ਦੇ 12 ਸੂਬਿਆਂ ਵਿਚ ਐਸ ਆਈ ਆਰ ਨੂੰ ਲਾਗੂ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਤੋਂ ਬਾਅਦ ਕਈ ਸੂਬਿਆਂ ਨੇ ਆਪਣੀਆਂ ਵੋਟਰ ਸੂਚੀਆਂ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀਆਂ ਹਨ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਕਈ ਰਾਜਾਂ ਵਿਚ ਆਖਰੀ ਵਾਰ ਐਸ ਆਈ ਆਰ ਸਾਲ 2002 ਤੋਂ 2004 ਦਰਮਿਆਨ ਹੋਇਆ ਸੀ। ਜ਼ਿਕਰਯੋਗ ਹੈ ਕਿ ਐਸ ਆਈ ਆਰ (ਸਪੈਸ਼ਲ ਇੰਟੈਂਸਿਵ ਰਿਵੀਜਨ) ਚੋਣ ਕਮਿਸ਼ਨ ਦੀ ਪ੍ਰਕਿਰਿਆ ਹੈ ਜਿਸ ਵਿਚ ਵੋਟਰ ਸੂਚੀਆਂ ਅਪਡੇਟ ਕੀਤੀਆਂ ਜਾਂਦੀਆਂ ਹਨ। ਇਸ ਵਿਚ 18 ਸਾਲ ਦੇ ਨਵੇਂ ਵੋਟਰਾਂ ਨੂੰ ਜੋੜਿਆ ਜਾਂਦਾ ਹੈ ਤੇ ਜਿਨ੍ਹਾਂ ਦੀ ਇਸ ਅਰਸੇ ਦੌਰਾਨ ਮੌਤ ਹੋ ਗਈ ਹੁੰਦੀ ਹੈ, ਉਨ੍ਹਾਂ ਦਾ ਨਾਂ ਵੋਟਰ ਸੂਚੀਆਂ ਵਿਚੋਂ ਹਟਾਇਆ ਜਾਂਦਾ ਹੈ। ਵੋਟਰ ਸੂਚੀਆਂ ਵਿਚ ਨਾਂ, ਮਾਪਿਆਂ ਦਾ ਨਾਂ, ਘਰ ਦਾ ਪਤਾ ਆਦਿ ਵਿਚ ਤਰੁੱਟੀਆਂ ਨੂੰ ਠੀਕ ਕੀਤਾ ਜਾਂਦਾ ਹੈ।

