‘ਵੋਟ ਚੋਰੀ’ ਲਈ ‘ਐੱਸਆਈਆਰ’ ਨਵਾਂ ਹਥਿਆਰ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ‘ਵੋਟ ਚੋਰੀ’ ਦਾ ਨਵਾਂ ਹਥਿਆਰ ਹੈ। ਉਨ੍ਹਾਂ ਅਹਿਦ ਲਿਆ ਕਿ ਉਹ ‘ਵੋਟ ਚੋਰੀ’ ਰੋਕ ਕੇ ‘ਇਕ ਵਿਅਕਤੀ, ਇਕ ਵੋਟ’ ਸਿਧਾਂਤ ਦੀ ਰਾਖੀ ਕਰਨਗੇ।
ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਵੋਟ ਚੋਰੀ ਕਰਵਾਉਣ ਵਾਲੇ ਚੋਣ ਕਮਿਸ਼ਨਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਰਾਹੁਲ ਗਾਂਧੀ ਦੀ ਬਿਹਾਰ ’ਚ ‘ਵੋਟਰ ਅਧਿਕਾਰ ਯਾਤਰਾ’ ਜਾਰੀ ਹੈ। ਯਾਤਰਾ ਅੱਜ ਦੂਜੇ ਦਿਨ ਸ਼ਾਮ ਨੂੰ ਗਯਾਜੀ ਪਹੁੰਚ ਗਈ ਹੈ। ਰਾਹੁਲ ਨੇ ਆਪਣੇ ਵਟਸਐਪ ਚੈਨਲ ’ਤੇ ਇਕ ਪੋਸਟ ’ਚ ਸਾਸਾਰਾਮ ’ਚ ਕੁਝ ਲੋਕਾਂ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ’ਚ ਵੋਟ ਪਾਈ ਸੀ ਪਰ ਹੁਣ ਐੱਸਆਈਆਰ ਦੌਰਾਨ ਵੋਟਰ ਸੂਚੀਆਂ ’ਚੋਂ ਉਨ੍ਹਾਂ ਦੇ ਨਾਮ ਕੱਟੇ ਗਏ ਹਨ।
ਉਨ੍ਹਾਂ ਪੋਸਟ ’ਚ ਕਿਹਾ, ‘‘ਤਸਵੀਰ ’ਚ ਮੇਰੇ ਨਾਲ ਖੜ੍ਹੇ ਇਹ ਉਹ ਲੋਕ ਹਨ ਜੋ ਵੋਟ ਚੋਰੀ ਦੇ ਜਿਊਂਦੇ ਜਾਗਦੇ ਸਬੂਤ ਹਨ।’’ ਉਨ੍ਹਾਂ ਵਿਅਕਤੀਆਂ ਦੇ ਨਾਵਾਂ ਦੇ ਨਾਲ ਹੀ ਉਨ੍ਹਾਂ ਦੀ ਜਾਤ ਦਾ ਵੀ ਜ਼ਿਕਰ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਹੁਕਮਰਾਨ ਭਾਜਪਾ ਅਤੇ ਚੋਣ ਕਮਿਸ਼ਨ ਦੀ ਗੰਢ-ਤੁਪ ‘ਬਹੁਜਨ’ ਅਤੇ ਗਰੀਬ ਹੋਣ ਦੀ ਉਨ੍ਹਾਂ ਨੂੰ ਸਜ਼ਾ ਦੇ ਰਹੇ ਹਨ। ਇਥੋਂ ਤੱਕ ਕਿ ਜਵਾਨਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਹੈ।
ਕਾਂਗਰਸ ਆਗੂ ਨੇ ਕਿਹਾ, ‘‘ਸਮਾਜਿਕ ਵਿਤਕਰੇ ਅਤੇ ਆਰਥਿਕ ਹਾਲਾਤ ਕਾਰਨ ਉਹ ਸਰਕਾਰ ਦੀ ਸਾਜ਼ਿਸ਼ ਖ਼ਿਲਾਫ਼ ਲੜ ਨਹੀਂ ਸਕਦੇ। ਅਸੀਂ ਉਨ੍ਹਾਂ ਨਾਲ ਡਟ ਕੇ ਖੜ੍ਹੇ ਹਾਂ ਤਾਂ ਜੋ ਇਕ ਵਿਅਕਤੀ, ਇਕ ਵੋਟ ਦੇ ਬੁਨਿਆਦੀ ਹੱਕ ਦੀ ਰਾਖੀ ਕੀਤੀ ਜਾ ਸਕੇ।’’ ਬਾਅਦ ’ਚ ਉਨ੍ਹਾਂ ਔਰੰਗਾਬਾਦ ’ਚ ਕੁਝ ਹੋਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਪਹਿਲਾਂ ਦੀਆਂ ਚੋਣਾਂ ’ਚ ਵੋਟ ਪਾਈ ਸੀ ਪਰ ਹੁਣ ਉਨ੍ਹਾਂ ਦੇ ਨਾਮ ਕੱਟ ਦਿੱਤੇ ਗਏ ਹਨ। ਵੀਡੀਓ ਸਾਂਝਾ ਕਰਦਿਆਂ ਰਾਹੁਲ ਨੇ ਕਿਹਾ, ‘‘ਬਿਹਾਰ ’ਚ ਚਾਰ-ਪੰਜ ਚੋਣਾਂ ’ਚ ਲੋਕਾਂ ਦੇ ਵੋਟ ਚੋਰੀ ਹੋ ਗਏ ਹਨ। ਇਸ ਦਾ ਕਾਰਨ ਪੁੱਛਿਆ ਗਿਆ ਤਾਂ ਇਕੋ ਜਵਾਬ ਮਿਲਿਆ ਕਿ ਇਹ ਹੁਕਮ ਉਪਰੋਂ ਆਇਆ ਸੀ। ਅਸੀਂ ਵੋਟ ਚੋਰੀ ਰੋਕਾਂਗੇ।’’