SIR issue: ਸੁਪਰੀਮ ਕੋਰਟ ਵੱਲੋਂ ਐੱਸ ਆਈ ਆਰ ਖ਼ਿਲਾਫ਼ ਪਟੀਸ਼ਨਾਂ ’ਤੇ ਸੁਣਵਾਈ 8 ਸਤੰਬਰ ਨੂੰ
ਸੁਪਰੀਮ ਕੋਰਟ ਸੋਮਵਾਰ 8 ਸਤੰਬਰ ਨੂੰ ਸਿਆਸੀ ਪਾਰਟੀਆਂ ਸਮੇਤ ਕਈ ਹੋਰ ਧਿਰਾਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ ਜਿਨ੍ਹਾਂ ’ਚ ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਕਰਾਉਣ ਦੇ 24 ਜੂਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।
ਜਸਟਿਸ ਸੂਰਿਆਕਾਂਤ ਤੇ ਜਸਟਿਸ ਜੌਇਮਾਲਿਆ ਬਾਗਚੀ ਦਾ ਬੈਂਚ ਚੋਣ ਕਮਿਸ਼ਨ ਦੇ ਉਸ ਨੋਟ ’ਤੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ), ਏ ਆਈ ਐੱਮ ਆਈ ਐੱਮ ਅਤੇ ਹੋਰ ਪਟੀਸ਼ਨਰਾਂ ਦੇ ਜਵਾਬ ’ਤੇ ਵਿਚਾਰ ਕਰੇਗਾ ਜਿਸ ’ਚ ਕਮਿਸ਼ਨ ਨੇ ਦਲੀਲ ਦਿੱਤੀ ਹੈ ਕਿ ਵੋਟਰ ਸੂਚੀ ਦੇ ਖਰੜੇ ’ਚ ਸ਼ਾਮਲ 7.24 ਕਰੋੜ ਵੋਟਰਾਂ ’ਚੋਂ 99.5 ਫੀਸਦ ਨੇ ਐੱਸ ਆਈ ਆਰ ਪ੍ਰਕਿਰਿਆ ’ਚ ਆਪਣੀ ਯੋਗਤਾ ਦੇ ਦਸਤਾਵੇਜ਼ ਦਾਖਲ ਕੀਤੇ ਸਨ।
ਸੁਪਰੀਮ ਕੋਰਟ ਐੱਨ ਜੀ ਓ, ਕਾਰਕੁਨਾਂ ਤੇ ਸਿਆਸੀ ਪਾਰਟੀਆਂ ਵੱਲੋਂ ਦਾਇਰ ਪਟੀਸ਼ਨਾਂ ਸਮੇਤ ਕਈ ਪਟੀਸ਼ਨਾਂ ’ਤੇ ਸੁਣਵਾਈ ਮੁੜ ਤੋਂ ਸ਼ੁਰੂ ਕਰੇਗਾ ਜਦੋਂ 22 ਅਗਸਤ ਨੂੰ ਉਸ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਬਿਹਾਰ ’ਚ ਐੱਸ ਆਈ ਆਰ ਪ੍ਰਕਿਰਿਆ ਦੌਰਾਨ ਵੋਟਰ ਸੂਚੀ ’ਚੋਂ ਬਾਹਰ ਕੀਤੇ ਗਏ ਵੋਟਰਾਂ ਨੂੰ ਸਿੱਧੇ ਤੌਰ ਤੋਂ ਇਲਾਵਾ ਆਨਲਾਈਨ ਮੋਡ ਰਾਹੀਂ ਆਪਣੇ ਦਾਅਵੇ ਪੇਸ਼ ਕਰਨ ਦੀ ਇਜਾਜ਼ਤ ਦੇਵੇ।