ਐੱਸ ਆਈ ਆਰ ਮੁਹਿੰਮ ਸੁਧਾਰ ਨਹੀਂ, ਜਬਰੀ ਜ਼ੁਲਮ: ਰਾਹੁਲ
16 ਬੀ ਐੱਲ ਓਜ਼ ਦੀ ਮੌਤ ਲਈ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ
ਕਾਂਗਰਸ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੌਰਾਨ 16 ਬੀ ਐੱਲ ਓਜ਼ ਦੀ ਮੌਤ ’ਤੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨਿਸ਼ਾਨੇ ’ਤੇ ਲਿਆ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਮੁਹਿੰਮ ਸੁਧਾਰ ਨਹੀਂ ਸਗੋਂ ‘ਜਬਰੀ ਜ਼ੁਲਮ’ ਹੈ ਅਤੇ ਅਧਿਕਾਰੀਆਂ ਦੀ ਮੌਤ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘‘ਨਤੀਜਾ ਕੀ ਨਿਕਲਿਆ? ਤਿੰਨ ਹਫ਼ਤਿਆਂ ਵਿੱਚ 16 ਬੀ ਐੱਲ ਓਜ਼ ਆਪਣੀ ਜਾਨ ਗੁਆ ਚੁੱਕੇ ਹਨ। ਐੱਸ ਆਈ ਆਰ ਕੋਈ ਸੁਧਾਰ ਨਹੀਂ, ਸਗੋਂ ਜਬਰੀ ਜ਼ੁਲਮ ਹੈ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਜਲਦਬਾਜ਼ੀ ਵਿੱਚ ਲਾਗੂ ਕੀਤਾ ਜਾ ਰਿਹਾ ਐੱਸ ਆਈ ਆਰ ਨੋਟਬੰਦੀ ਅਤੇ ਕੋਵਿਡ ਲੌਕਡਾਊਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਵੋਟ ਚੋਰੀ’ ਹੁਣ ਜਾਨਲੇਵਾ ਹੋ ਗਈ ਹੈ।
ਐੱਸ ਆਈ ਆਰ ਭਾਜਪਾ ਦੀ ਸਾਜ਼ਿਸ਼: ਯਾਦਵ
ਕੋਲਕਾਤਾ: ਚੋਣ ਵਿਸ਼ਲੇਸ਼ਕ ਅਤੇ ਕਾਰਕੁਨ ਯੋਗੇਂਦਰ ਯਾਦਵ ਨੇ ਦੋਸ਼ ਲਾਇਆ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਭਾਜਪਾ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਬਿਹਾਰ ’ਚ ਇਸ ਦਾ ਤਜਰਬਾ ਕੀਤਾ ਗਿਆ ਤੇ ਹੁਣ 2026 ਦੀਆਂ ਚੋਣਾਂ ਜਿੱਤਣ ਲਈ ਪੱਛਮੀ ਬੰਗਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ

