ਸਿਨਹਾ ਵੱਲੋਂ ਕੋਕਰਨਾਗ ’ਚ ਸ਼ਹੀਦ ਦੋ ਜਵਾਨਾਂ ਨੂੰ ਸ਼ਰਧਾਂਜਲੀ
ਦੋਵੇਂ ਜਵਾਨ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਖ਼ਰਾਬ ਮੌਸਮ ਦਾ ਸਾਹਮਣਾ ਕਰਦਿਆਂ ਹੋਏ ਸਨ ਸ਼ਹੀਦ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਵਿੱਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਬੇਹੱਦ ਖਰਾਬ ਮੌਸਮ ਦਾ ਸਾਹਮਣਾ ਕਰਦਿਆਂ ਸ਼ਹੀਦ ਹੋਏ ਫ਼ੌਜ ਦੇ ਦੋ ਜਵਾਨਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ। ਉਪ ਰਾਜਪਾਲ ਸ੍ਰੀਨਗਰ ਸਥਿਤ ਬਦਾਮੀ ਬਾਗ ਛਾਉਣੀ ਵਿੱਚ ਫੌਜ ਦੀ ਚਿਨਾਰ ਕੋਰ ਦੇ ਹੈੱਡਕੁਆਰਟਰ ਪਹੁੰਚੇ ਅਤੇ ਸ਼ਹੀਦ ਜਵਾਨਾਂ ਦੇ ਤਾਬੂਤਾਂ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਸਿਨਹਾ ਨੇ ਫ਼ੌਜ ਦੇ ਬਹਾਦਰ ਜਵਾਨਾਂ ਲਾਂਸ ਹਵਲਦਾਰ ਪਲਾਸ਼ ਘੋਸ਼ ਅਤੇ ਲਾਂਸ ਨਾਇਕ ਸੁਜੈ ਘੋਸ਼ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਨ੍ਹਾਂ ਦੋਵਾਂ ਜਵਾਨਾਂ ਨੇ ਕੋਕਰਨਾਗ ਦੀ ਕਿਸ਼ਤਵਾੜ ਰੇਂਜ ਵਿੱਚ ਅਤਿਵਾਦ ਵਿਰੋਧੀ ਕਾਰਵਾਈ ਦੌਰਾਨ ਖਰਾਬ ਮੌਸਮ ਨਾਲ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਇਸ ਮੌਕੇ ਮਨੋਜ ਸਿਨਹਾ ਨੇ ਕਿਹਾ, ‘ਮੈਂ ਸਾਡੇ ਫ਼ੌਜ ਦੇ ਬਹਾਦਰ ਜਵਾਨਾਂ ਲਾਂਸ ਹੌਲਦਾਰ ਪਲਾਸ਼ ਘੋਸ਼ ਅਤੇ ਲਾਂਸ ਨਾਇਕ ਸੁਜੈ ਘੋਸ਼ ਦੀ ਸ਼ਹਾਦਤ ਨੂੰ ਸਲਾਮ ਕਰਦਾ ਹਾਂ। ਸਾਡੇ ਜਵਾਨਾਂ ਦੀ ਇਸ ਮਿਸਾਲੀ ਬਹਾਦਰੀ ਅਤੇ ਨਿਸ਼ਕਾਮ ਸੇਵਾ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਦੁੱਖ ਦੀ ਇਸ ਘੜੀ ਵਿੱਚ ਅਸੀਂ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।’ ਇਹ ਦੋਵੇਂ ਜਵਾਨ ਫ਼ੌਜ ਦੀ ਵਿਸ਼ੇਸ਼ ਪੈਰਾ ਯੂਨਿਟ ਦਾ ਹਿੱਸਾ ਸਨ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੋਕਰਨਾਗ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਲਾਪਤਾ ਹੋ ਗਏ ਸਨ।
ਇਹ ਮੁਹਿੰਮ ਅਹਲਾਨ ਗਡੋਲ ਇਲਾਕੇ ਵਿੱਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਹ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਜਵਾਨ ਦੀ ਲਾਸ਼ ਵੀਰਵਾਰ, ਜਦਕਿ ਦੂਜੇ ਦੀ ਸ਼ੁੱਕਰਵਾਰ ਨੂੰ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਲੱਗਦਾ ਹੈ ਕਿ ਦੋਵਾਂ ਜਵਾਨਾਂ ਦੀ ਮੌਤ ਠੰਢ ਕਾਰਨ ਹੋਈ ਹੈ। ਫ਼ੌਜ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਚਿਨਾਰ ਕੋਰ ਨੇ ਕਿਹਾ, ‘ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਭਾਵਨਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਚਿਨਾਰ ਵਾਰੀਅਰਜ਼ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹਨ। ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।’