ਗਾਇਕ ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਗੁਹਾਟੀ ਪੁੱਜੀ
ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਇੱਥੇ ਹਵਾਈ ਅੱਡੇ ’ਤੇ ਪਹੁੰਚੀ। ਇਸ ਮੌਕੇ ਹਜ਼ਾਰਾਂ ਪ੍ਰਸ਼ੰਸਕ ਆਪਣੇ ਮਹਿਬੂਬ ਗਾਇਕ ਦੀ ਆਖਰੀ ਝਲਕ ਦੇਖਣ ਲਈ ਉੱਥੇ ਇਕੱਠੇ ਹੋਏ ਸਨ। ਗਾਇਕ ਦੀ ਪਤਨੀ ਗਰਿਮਾ ਸੈਕੀਆ ਗਰਗ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮ੍ਰਿਤਕ ਦੇਹ ਲੈਣ ਲਈ ਹਵਾਈ ਅੱਡੇ ’ਤੇ ਮੌਜੁੂਦ ਸਨ। ਮ੍ਰਿਤਕ ਦੇਹ ਨੂੰ ਲੋਕਪ੍ਰਿਯਾ ਗੋਪੀਨਾਥ ਬੋਰਡੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੁੱਲਾਂ ਨਾਲ ਸਜੀਆਂ ਐਂਬੂਲੈਂਸਾਂ ਰਾਹੀਂ ਵੀਆਈਪੀ ਐਗਜ਼ਿਟ ਰਾਹੀਂ ਬਾਹਰ ਕੱਢਿਆ ਗਿਆ।
ਮ੍ਰਿਤਕ ਦੇਹ ਨੂੰ ਗਰਗ ਦੇ ਕਾਹਿਲੀਪਾਰਾ ਸਥਿਤ ਨਿਵਾਸ ਸਥਾਨ ’ਤੇ ਲਿਜਾਇਆ ਜਾਵੇਗਾ, ਜਿੱਥੇ ਇਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਸ ਦੇ 85 ਸਾਲਾ ਬਿਮਾਰ ਪਿਤਾ ਵੀ ਸ਼ਾਮਲ ਹਨ, ਲਈ ਕਰੀਬ ਡੇਢ ਘੰਟੇ ਵਾਸਤੇ ਰੱਖਿਆ ਜਾਵੇਗਾ। ਉਪਰੰਤ ਗਾਇਕ ਦੀ ਮ੍ਰਿਤਕ ਦੇਹ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਅਰਜੁਨ ਭੋਗੇਸ਼ਵਰ ਬਰੂਆ ਸਪੋਰਟਸ ਕੰਪਲੈਕਸ ਲਿਜਾਇਆ ਜਾਵੇਗਾ। ਗਾਇਕ ਦੇ ਸਸਕਾਰ ਸਥਾਨ ਬਾਰੇ ਫੈਸਲਾ ਅਸਾਮ ਕੈਬਨਿਟ ਦੀ ਐਤਵਾਰ ਸ਼ਾਮ ਨੂੰ ਸੱਦੀ ਮੀਟਿੰਗ ਵਿਚ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਅੱਧੀ ਰਾਤ ਨੂੰ ਗਾਇਕ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦੀ ਗਈ ਸੀ। ਜ਼ੁਬੀਨ ਗਰਗ ਦੀ ਸਿੰਗਾਪੁਰ ਵਿਚ ਲਾਈਫ ਜੈਕੇਟ ਤੋਂ ਬਗੈਰ ਸਮੁੰਦਰ ਵਿਚ ਸਵਿਮਿੰਗ ਕਰਦਿਆਂ ਮੌਤ ਹੋ ਗਈ ਸੀ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਗੁਹਾਟੀ ਹਵਾਈ ਅੱਡੇ ’ਤੇ ਗਾਇਕ ਦੀ ਦੇਹ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨਾਲ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਅਤੇ ਕੌਮੀ ਰਾਜਧਾਨੀ ਵਿੱਚ ਤਾਇਨਾਤ ਅਸਾਮ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।