ਆਪਣੇ ‘ਯਾ ਅਲੀ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਅਸਾਮ ਦੇ ਮਸ਼ਹੂਰ ਗਾਇਕ ਜ਼ੂਬਿਨ ਗਰਗ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਨ ਦੌਰਾਨ ਮੌਤ ਹੋ ਗਈ। ਇਹ ਜਾਣਕਾਰੀ ਦੱਖਣ-ਪੂਰਬੀ ਏਸ਼ਿਆਈ ਦੇਸ਼ ਵਿੱਚ ਇਕ ਮੇਲੇ ਦੇ ਪ੍ਰਬੰਧਕਾਂ ਨੇ ਦਿੱਤੀ। ਗਰਗ (52) ਦੇ ਪਰਿਵਾਰ ਵਿੱਚ ਉਸ ਦੀ ਪਤਨੀ ਹੈ।
ਮੇਲਾ ਪ੍ਰਬੰਧਕਾਂ ਮੁਤਾਬਕ ਸਕੂਬਾ ਡਾਈਵਿੰਗ ਦੌਰਾਨ ਗਾਇਕ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਆਈ ਸੀ ਯੂ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ ਸਿੰਗਾਪੁਰ ਉੱਤਰ-ਪੂਰਬੀ ਤਿੰਨ ਦਿਨਾ ਮੇਲੇ ਵਿੱਚ ਹਿੱਸਾ ਲੈਣ ਗਿਆ ਸੀ ਜੋ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣਾ ਸੀ। ਇਸੇ ਦੌਰਾਨ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਕੇਂਦਰੀ ਮੰਤਰੀ ਕਿਰਨ ਰਿਜਿਜੂ, ਸਰਬਨੰਦਾ ਸੋਨੋਵਾਲ ਅਤੇ ਕਾਂਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਤੇ ਲੋਕ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਗਰਗ ਦੇ ਦੇਹਾਂਤ ਦੀ ਮੌਤ ’ਤੇ ਦੁੱਖ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗਾਇਕ ਜ਼ੂਬਿਨ ਗਰਗ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।