Sikkim Statehood - Modi: ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ 'ਤੇ ਵਾਰ ਸੀ: ਮੋਦੀ
Pahalgam terror strike was attack on India's soul, our response decisive: PM
ਪ੍ਰਧਾਨ ਮੰਤਰੀ ਨੇ ਸਿੱਕਮ ਰਾਜ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤਾ ਸੰਬੋਧਨ; ਹਿਮਾਲਿਆਈ ਸੂਬੇ ਵਿਚ ਮੌਸਮ ਖ਼ਰਾਬ ਹੋਣ ਕਾਰਨ ਗੰਗਟੋਕ ਨਾ ਜਾ ਸਕੇ ਮੋਦੀ
ਗੰਗਟੋਕ, 29 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ਤੇ ਏਕਤਾ 'ਤੇ ਹਮਲਾ ਸੀ ਅਤੇ ਇਸ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਅੱਤਵਾਦੀਆਂ ਨੂੰ ਭਾਰਤ ਦਾ "ਫ਼ੈਸਲਾਕੁਨ ਜਵਾਬ" ਸੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅੱਤਵਾਦ ਵਿਰੁੱਧ ਆਪਣੀ ਲੜਾਈ ਵਿੱਚ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਕਈ ਹਵਾਈ ਅੱਡੇ ਤਬਾਹ ਕਰ ਦਿੱਤੇ।
ਪਹਿਲਗਾਮ ਹਮਲੇ ਨੂੰ ਧਾਰਮਿਕ ਲੀਹਾਂ 'ਤੇ ਭਾਰਤ ਵਿੱਚ ਫੁੱਟ ਪਾਉਣ ਦੀ "ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼" ਦੱਸਦਿਆਂ ਮੋਦੀ ਨੇ ਕਿਹਾ, "ਅਸੀਂ ਇੱਕ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਭਾਰਤ ਅੱਤਵਾਦੀ ਹਮਲੇ, ਜਿਸਨੇ ਸਾਡੀਆਂ ਕੁਝ ਭੈਣਾਂ ਦੇ ਸਿੰਦੂਰ ਮਿਟਾ ਦਿੱਤੇ ਦੇ ਬਾਵਜੂਦ ਇੱਕਜੁੱਟ ਹੈ।"
ਗ਼ੌਰਤਲਬ ਹੈ ਕਿ ਬੀਤੀ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।
ਮੋਦੀ ਅੱਜ ਇਥੇ ਪਲਜੋਰ ਸਟੇਡੀਅਮ (Paljor Stadium) ਵਿਖੇ ਸਿੱਕਮ ਦੇ ਸੂਬੇ ਵਜੋਂ ਰਾਜ ਸਥਾਪਨਾ ਸਮਾਰੋਹ ਦੀ 50ਵੀਂ ਵਰ੍ਹੇਗੰਢ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਹਿਮਾਲਿਆਈ ਰਾਜ "ਰਾਸ਼ਟਰ ਦਾ ਮਾਣ" ਹੈ ਅਤੇ ਇਸਦੇ ਲੋਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਅਫਸੋਸ ਪ੍ਰਗਟ ਕੀਤਾ ਕਿ ਉਹ ਖਰਾਬ ਮੌਸਮ ਕਾਰਨ ਰਾਜ ਸਥਾਪਨਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਰਾਜ ਦਾ ਦੌਰਾ ਕਰਨਗੇ।
ਗ਼ੌਰਤਲਬ ਹੈ ਕਿ ਖ਼ਰਾਬ ਮੌਸਮ ਕਾਰਨ ਸਿੱਕਮ ਨਾ ਜਾ ਸਕੇ ਮੋਦੀ ਨੇ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਵਰਚੁਅਲੀ (ਵੀਡੀਓ ਕਾਨਫਰੰਸ ਰਾਹੀਂ) ਇਸ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਈ ਹੋਰ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਜਿਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ, ਉਨ੍ਹਾਂ ਵਿੱਚ ਨਾਮਚੀ ਵਿੱਚ 500 ਬਿਸਤਰਿਆਂ ਵਾਲਾ ਜ਼ਿਲ੍ਹਾ ਹਸਪਤਾਲ, 'ਸਵਰਣ ਜਯੰਤੀ ਮੈਤ੍ਰੇਯ ਮੰਜਰੀ' (ਵ੍ਹਾਈਟ ਹਾਲ, ਰਿਜ ਪਾਰਕ ਵਿਖੇ), ਪੇਲਿੰਗ ਤੋਂ ਸੰਗਾਚੋਲਿੰਗ ਮੱਠ ਤੱਕ ਇੱਕ ਯਾਤਰੀ ਰੋਪਵੇਅ, ਮਮਰਿੰਗ ਵਿਖੇ ਇੱਕ 'ਗਊਸ਼ਾਲਾ' ਅਤੇ ਗੰਗਟੋਕ ਜ਼ਿਲ੍ਹੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਸ਼ਾਮਲ ਹੈ। ਪੀਟੀਆਈ