Sikhs in Pak and Afghan: ਪਾਕਿ ਤੇ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਖ਼ਿਲਾਫ਼ ਜ਼ੁਲਮਾਂ ਦੀਆਂ ਰਿਪੋਰਟਾਂ 'ਤੇ ਨਜ਼ਰ ਰੱਖਦੈ ਭਾਰਤ: ਕੇਂਦਰ ਸਰਕਾਰ
India monitors reports of persecution of Sikhs in Pakistan and Afghanistan: Government
ਨਵੀਂ ਦਿੱਲੀ, 4 ਅਪਰੈਲ
Sikhs in Pak and Afghan: ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰੇ 'ਤੇ ਹੋਣ ਵਾਲੀਆਂ ਜ਼ੁਲਮ-ਜ਼ਿਆਦਤੀਆਂ ਦੀਆਂ ਰਿਪੋਰਟਾਂ 'ਤੇ ਨਿਯਮਤ ਤੌਰ 'ਤੇ ਨਜ਼ਰ ਰੱਖਦੀ ਹੈ। ਵਿਦੇਸ਼ ਰਾਜ ਮੰਤਰੀ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਜ਼ੁਲਮਾਂ ਦੇ ਅੰਕੜੇ ਰੱਖਦਾ ਹੈ ਅਤੇ ਵਿਦੇਸ਼ ਮੰਤਰਾਲੇ ਵੱਲੋਂ ਦੁਨੀਆਂ ਭਰ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਕੀ ਹੈ?
ਇਸ ’ਤੇ ਮੰਤਰੀ ਨੇ ਕਿਹਾ, "ਭਾਰਤ ਸਰਕਾਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਅਤਿਆਚਾਰਾਂ ਦੀਆਂ ਰਿਪੋਰਟਾਂ 'ਤੇ ਨਿਯਮਤ ਤੌਰ' ਤੇ ਨਜ਼ਰ ਰੱਖਦੀ ਹੈ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਅੱਤਿਆਚਾਰਾਂ ਵਿੱਚ ਪਰੇਸ਼ਾਨੀ, ਧਮਕਾਉਣਾ, ਜਬਰੀ ਵਿਆਹ, ਜਬਰੀ ਧਰਮ ਪਰਿਵਰਤਨ, ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਭੰਨ-ਤੋੜ ਆਦਿ ਸ਼ਾਮਲ ਹਨ। ਕੂਟਨੀਤਕ ਮਾਧਿਅਮਾਂ ਰਾਹੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘੱਟ ਗਿਣਤੀ ਭਾਈਚਾਰਿਆਂ ਸਮੇਤ ਆਪਣੇ ਨਾਗਰਿਕਾਂ ਪ੍ਰਤੀ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਵੇ ਅਤੇ ਫਿਰਕੂ ਹਿੰਸਾ, ਅਤਿਅੰਤ ਪੱਖਪਾਤ ਅਤੇ ਧਾਰਮਿਕ ਅਸਹਿਣਸ਼ੀਲਤਾ ਨੂੰ ਖਤਮ ਕਰੇ।’’
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ 2021 ਤੋਂ ਸੁਰੱਖਿਆ ਹਾਲਾਤ ਵਿਚ ‘ਤੇਜ਼ੀ ਨਾਲ ਆਈ ਗਿਰਾਵਟ’ ਦੇ ਮੱਦੇਨਜ਼ਰ ‘ਅਪਰੇਸ਼ਨ ਦੇਵੀ ਸ਼ਕਤੀ’ ਤਹਿਤ ਮੁਲਕ ਵਿਚੋਂ ‘ਘੱਟਗਿਣਤੀ ਭਾਈਚਾਰਿਆਂ ਦੇ 74 ਮੈਂਬਰਾਂ ਨੂੰ ਹਵਾਈ ਫ਼ੌਜ ਤੇ ਏਅਰ ਇੰਡੀਆ ਦੀਆਂ ਉਡਾਣਾਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ’, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਸਨ।
ਉਨ੍ਹਾਂ ਨੇ ਕਿਹਾ ਕਿ ਭਾਰਤ, ਵਿਦੇਸ਼ਾਂ ਵਿੱਚ ਆਪਣੇ ਸਫ਼ਾਰਤੀ ਮਿਸ਼ਨਾਂ ਅਤੇ ਪੋਸਟਾਂ ਰਾਹੀਂ, ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ, ਸਲਾਮਤੀ ਅਤੇ ਭਲਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੇਜ਼ਬਾਨ ਸਰਕਾਰਾਂ ਨਾਲ ਸੰਪਰਕ ਵਿੱਚ ਰਹਿੰਦਾ ਹੈ। -ਏਜੰਸੀ