ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਨਸੀਈਆਰਟੀ ਦੀ ਅੱਠਵੀਂ ਦੀ ਨਵੀਂ ਕਿਤਾਬ ’ਚ ਸਿੱਖ ਇਤਿਹਾਸ ਨੂੰ ਮਿਲੀ ਥਾਂ

ਿਕਤਾਬ ਵਿੱਚ ਗੁਰੂ ਨਾਨਕ ਦੇਵ ਦੀ ਅਧਿਆਤਮਕ ਲਹਿਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਜ਼ਿਕਰ; ਮਹਾਰਾਜਾ ਰਣਜੀਤ ਸਿੰਘ ਅਧੀਨ ਸਾਂਝੇ ਸਾਮਰਾਜ ਦੀ ਸਥਾਪਨਾ ਤੱਕ ਸਿੱਖ ਭਾਈਚਾਰੇ ਦੇ ਉਭਾਰ ਨੂੰ ਦਰਸਾਇਆ
Advertisement

ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਦੀ ਨਵੀਂ ਜਾਰੀ ਕੀਤੀ ਗਈ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ਵਿੱਚ ਭਾਰਤੀ ਇਤਿਹਾਸ ਦਾ ਇੱਕ ਵਿਆਪਕ ਅਤੇ ਵਧੇਰੇ ਸੰਮਲਿਤ ਵੇਰਵਾ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸਿੱਖ ਧਰਮ ਦੇ ਇਤਿਹਾਸ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਰਾਠਾ ਆਗੂਆਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਅਤੇ ਸ਼ਕਤੀਸ਼ਾਲੀ ਖੇਤਰੀ ਰਾਜਵੰਸ਼ਾਂ ਤੋਂ ਲੈ ਕੇ ਨਰਸਿੰਘਦੇਵ ਪਹਿਲੇ ਵਰਗੇ ਅਣਗੌਲੇ ਸ਼ਾਸਕਾਂ ਤੱਕ ਨੂੰ ਸ਼ਾਮਲ ਕੀਤਾ ਗਿਆ ਹੈ।

‘ਐਕਸਪਲੋਰਿੰਗ ਸੁਸਾਇਟੀ: ਇੰਡੀਆ ਐਂਡ ਬਿਓਂਡ-ਗਰੇਡ 8, ਪਾਰਟ 1’ ਨਾਮ ਦੀ ਇਹ ਕਿਤਾਬ ਸਿੱਖ ਤੇ ਮਰਾਠਾ ਸਾਮਰਾਜਾਂ ਬਾਰੇ ਵਿਸਥਾਰ ਵਿੱਚ ਅਧਿਆਏ ਪੇਸ਼ ਕਰਦੀ ਹੈ, ਜਿਨ੍ਹਾਂ ਨੂੰ ਪਹਿਲਾਂ ਸਿਰਫ਼ ਕੁਝ ਪੰਨਿਆਂ ਜਾਂ ਸਿਰਫ਼ ਹਵਾਲਿਆਂ ਤੱਕ ਹੀ ਸੀਮਿਤ ਰੱਖਿਆ ਗਿਆ ਸੀ। ਇਹ ਕਿਤਾਬ ਸਿੱਖ ਅਧਿਆਏ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਅਧਿਆਤਮਕ ਲਹਿਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਫੌਜੀ ਵਿਰੋਧ ਤੱਕ, ਖਾਲਸੇ ਦੀ ਸਥਾਪਨਾ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਸੰਯੁਕਤ ਸਾਮਰਾਜ ਦੀ ਸਥਾਪਨਾ ਤੱਕ ਸਿੱਖਾਂ ਦੇ ਉਭਾਰ ਨੂੰ ਦਰਸਾਉਂਦਾ ਹੈ। ਇਹ ਦੱਸਦਾ ਹੈ ਕਿ ਕਿਵੇਂ ਸਿੱਖ ਗੁਰੂਆਂ ਨੇ ਮੁਗਲ ਅੱਤਿਆਚਾਰਾਂ ਦਾ ਸਾਹਮਣਾ ਕੀਤਾ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਥਾਪਨਾ ਪ੍ਰਮੁੱਖ ਘਟਨਾਵਾਂ ਸਨ। ਇਹ ਅਧਿਆਏ ਸਿੱਖ ਸਾਮਰਾਜ ਦੀ ਧਰਮ ਨਿਰਪੱਖ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਾਸਨ ਸ਼ੈਲੀ ਨੂੰ ਵੀ ਉਜਾਗਰ ਕਰਦਾ ਹੈ ਜੋ ਕਿ ਪੰਜਾਬ ਤੋਂ ਲੈ ਕੇ ਕਸ਼ਮੀਰ ਦੇ ਕੁਝ ਹਿੱਸਿਆਂ ਤੱਕ ਫੈਲਿਆ ਹੋਇਆ ਸੀ ਅਤੇ 19ਵੀਂ ਸਦੀ ਦੇ ਅੱਧ ਤੱਕ ਬਸਤੀਵਾਦੀ ਵਿਸਥਾਰ ਵਿਰੁੱਧ ਇੱਕ ਗੜ੍ਹ ਬਣਿਆ ਰਿਹਾ।

Advertisement

ਇਸ ਤੋਂ ਇਲਾਵਾ ਖੇਤਰੀ ਸ਼ਖ਼ਸੀਅਤਾਂ ਜਿਵੇਂ ਕਿ ਨਰਸਿੰਘਦੇਵ ਪਹਿਲੇ, ਉੜੀਸ਼ਾ ਦੇ ਗਜਪਤੀ ਸ਼ਾਸਕ, ਹੋਇਸਾਲਾ, ਰਾਣੀ ਅਬੱਕਾ ਪਹਿਲੀ ਤੇ ਦੂਜੀ ਅਤੇ ਤ੍ਰਾਵਣਕੋਰ ਦੇ ਮਾਰਤੰਡ ਵਰਮਾ ਨੂੰ ਵੀ ਕੌਮੀ ਪੱਧਰ ’ਤੇ ਧਿਆਨ ਵਿੱਚ ਲਿਆਉਂਦੀ ਹੈ। 2025-26 ਅਕਾਦਮਿਕ ਸਾਲ ਤੋਂ ਪੇਸ਼ ਕੀਤੀ ਜਾਣ ਵਾਲੀ ਇਹ ਕਿਤਾਬ ਮੁਗਲ ਬਾਦਸ਼ਾਹਾਂ ਦੇ ਚਿਤਰਣ ਵਿੱਚ ਵੀ ਇੱਕ ਬਦਲਾਅ ਦਰਸਾਉਂਦੀ ਹੈ, ਜਿਸ ਵਿੱਚ ਜਿੱਤ, ਧਾਰਮਿਕ ਫੈਸਲਿਆਂ, ਸੱਭਿਆਚਾਰਕ ਯੋਗਦਾਨ ਅਤੇ ਬੇਰਹਿਮੀ ਦੇ ਵਿਸਥਾਰ ਵਿੱਚ ਵੇਰਵੇ ਪੇਸ਼ ਕੀਤੇ ਗਏ ਹਨ।

ਮਰਾਠਿਆਂ ਬਾਰੇ ਅਧਿਆਏ 1.5 ਪੰਨਿਆਂ ਤੋਂ ਵਧਾ ਕੇ 22 ਪੰਨਿਆਂ ਦਾ ਕੀਤਾ

ਮਰਾਠਿਆਂ ਬਾਰੇ ਅਧਿਆਏ ਜੋ ਕਿ ਪਹਿਲਾਂ ਸਿਰਫ਼ 1.5 ਪੰਨਿਆਂ ਦਾ ਸੀ, ਹੁਣ ਇਸ ਕਿਤਾਬ ਵਿੱਚ 22 ਪੰਨਿਆਂ ਤੱਕ ਵਧਾ ਦਿੱਤਾ ਗਿਆ ਹੈ ਅਤੇ ਇਹ 17ਵੀਂ ਸਦੀ ਵਿੱਚ ਸ਼ਿਵਾਜੀ ਦੇ ਉਭਾਰ ਅਤੇ ਰਾਏਗੜ੍ਹ ਕਿਲ੍ਹੇ ਵਿੱਚ ਉਨ੍ਹਾਂ ਦੇ ਰਾਜ ਅਭਿਸ਼ੇਕ ਨਾਲ ਸ਼ੁਰੂ ਹੁੰਦਾ ਹੈ। ਇਸ ਵਿੱਚ ਉਨ੍ਹਾਂ ਦੀਆਂ ਨਵੀਨਤਾਕਾਰੀ ਪ੍ਰਸ਼ਾਸਨਿਕ ਪ੍ਰਣਾਲੀਆਂ, ਗੁਰੀਲਾ ਯੁੱਧ ਸਣੇ ਫੌਜੀ ਰਣਨੀਤੀਆਂ ਅਤੇ ਸਵਰਾਜ ਜਾਂ ਸਵੈ-ਸ਼ਾਸਨ ’ਤੇ ਉਨ੍ਹਾਂ ਦੇ ਜ਼ੋਰ ਦਾ ਵਰਣਨ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਸ਼ਿਵਾਜੀ ਦੇ ਉੱਤਰਾਧਿਕਾਰੀਆਂ ਜਿਨ੍ਹਾਂ ਵਿੱਚ ਸੰਭਾਜੀ, ਰਾਜਾਰਾਮ, ਸ਼ਾਹੂ ਅਤੇ ਤਾਰਾਬਾਈ, ਬਾਜੀਰਾਓ ਪਹਿਲਾ, ਮਹਾਦਜੀ ਸ਼ਿੰਦੇ ਅਤੇ ਨਾਨਾ ਫੜਨਵੀਸ ਵਰਗੇ ਦੂਰਅੰਦੇਸ਼ੀ ਨੇਤਾ ਸ਼ਾਮਲ ਹਨ, ਦੇ ਯੋਗਦਾਨ ਦੀ ਪੜਚੋਲ ਵੀ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਦੇ ਪ੍ਰਸ਼ਾਸਕੀ ਸੁਧਾਰਾਂ, ਫੌਜੀ ਵਿਸਥਾਰਾਂ, ਸਮੁੰਦਰੀ ਸ਼ਕਤੀ, ਵਪਾਰਕ ਮਾਰਗਾਂ ਅਤੇ ਇੱਥੋਂ ਤੱਕ ਕਿ ਸੱਭਿਆਚਾਰਕ ਸਰਪ੍ਰਸਤੀ ਦਾ ਵੇਰਵਾ ਵੀ ਦਿੱਤਾ ਗਿਆ ਹੈ।

Advertisement