DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਵਿਰਸੇ ਦੀ ਸੰਭਾਲ ਕੀਤੀ ਜਾਵੇ: ਤਰਲੋਚਨ ਸਿੰਘ

ਬਰਤਾਨਵੀ ਸੰਸਦ ਮੈਂਬਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਬਾਰੇ ਖੋਜ ਕਰਾੳੁਣ ਲਈ ਪ੍ਰੇਰਿਆ
  • fb
  • twitter
  • whatsapp
  • whatsapp
featured-img featured-img
ਲੰਡਨ ਦੇ ਲਾਰਡਜ਼ ਕੰਪਲੈਕਸ ਵਿਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਸਮਾਗਮ ਵਿੱਚ ਹਿੱਸਾ ਲੈਂਦੇ ਤਰਲੋਚਨ ਸਿੰਘ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ (92) ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਜ਼ਾਨਿਆਂ ਬਾਰੇ ਪ੍ਰਮਾਣਿਕ ਖੋਜ ਕਰਵਾਉਣ ਲਈ ਪ੍ਰੇਰਿਆ ਤਾਂ ਜੋ ਖਜ਼ਾਨੇ ਨੂੰ ਸਹੀ ਢੰਗ ਨਾਲ ਸੂਚੀਬੱਧ ਕਰਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਕਿਸੇ ਅਜਾਇਬ-ਘਰ ਵਿੱਚ ਸੰਭਾਲਿਆ ਜਾ ਸਕੇ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੋਮਵਾਰ ਸ਼ਾਮ ਲੰਡਨ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿੱਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਤਰਲੋਚਨ ਸਿੰਘ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਬਸਤੀਵਾਦੀ ਦੌਰ ਦੀ ਫਾਈਲ ਦਾ ਖ਼ੁਲਾਸਾ ਸ਼ਾਮਲ ਹੈ ਜਿਸ ਵਿੱਚ ਸਿੱਖ ਸਾਮਰਾਜ ਦੇ 19ਵੀਂ ਸਦੀ ਦੇ ਸ਼ਾਸਕ ਦੇ ਕਈ ਖਜ਼ਾਨੇ ਹੋਣ ਦਾ ਹਵਾਲਾ ਹੈ। ਉਨ੍ਹਾਂ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨੇ (ਖਜ਼ਾਨੇ) ਤੋਂ ਖਜ਼ਾਨਿਆਂ ਦੀ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸਾਡੇ ਬੱਚੇ ਆਪਣੀ ਸਿੱਖ ਵਿਰਾਸਤ ’ਤੇ ਮਾਣ ਕਰ ਸਕਣ। ਇਤਿਹਾਸਕ ਰਿਕਾਰਡਾਂ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਤੋਸ਼ਾਖਾਨੇ ਵਿੱਚ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਰੋਜ਼ਾਨਾ ਦੇਖਦੇ ਸਨ। ਮਹਾਰਾਜਾ ਦੀ ਸੋਨੇ ਦੀ ਕੁਰਸੀ ਹੁਣ ਲੰਡਨ ਦੇ ਵਿਕਟੋਰੀਆ ਐਂਡ ਐਲਬਰਟ ਅਜਾਇਬ-ਘਰ ਵਿੱਚ ਪ੍ਰਦਰਸ਼ਿਤ ਹੈ ਪਰ ਕਈ ਵਸਤਾਂ ਹਾਲੇ ਵੀ ਗੁਦਾਮਾਂ ਵਿੱਚ ਪਈਆਂ ਹਨ, ਜਿਨ੍ਹਾਂ ਨੂੰ ਇੱਕੋ ਛੱਤ ਹੇਠ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।’’ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਲਾਰਡ ਰਾਮੀ ਰੇਂਜਰ ਨੇ ਕਿਹਾ ਕਿ ਤਰਲੋਚਨ ਸਿੰਘ ਨੇ ਕਈ ਗੱਲਾਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਸਾਰਾਗੜ੍ਹੀ ਯਾਦਗਾਰ ਸੁਸਾਇਟੀ ਬਣਾ ਕੇ ਕੰਮ ਨੂੰ ਅੱਗੇ ਤੋਰੇਗੀ। ਲਾਰਡ ਕੁਲਦੀਪ ਸਿੰਘ ਸਹੋਤਾ ਨੇ ਸਾਰਾਗੜ੍ਹੀ ਦੀ ਜੰਗ ਦੌਰਾਨ ਹਵਲਦਾਰ ਈਸ਼ਰ ਸਿੰਘ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਦਾ ਬੁੱਤ ਵੁਲਵਰਹੈਂਪਟਨ ਦੇ ਵੈਡਨੈੱਸਫੀਲਡ ’ਚ ਲੱਗਾ ਹੋਇਆ ਹੈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਤਰਲੋਚਨ ਸਿੰਘ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Advertisement
Advertisement
×