DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਈ ਕਮਾਨ ਨੂੰ ਮਿਲੇ ਬਿਨਾਂ ਪਰਤੇ ਸਿੱਧੂ

ਪ੍ਰਿਯੰਕਾ ਗਾਂਧੀ ਨੂੰ ਮਿਲਣ ਦਿੱਲੀ ਗਏ ਸਨ; ਸਿੱਧੂ ਜੋੜੇ ਨੇ ਨਵੇਂ ਵਿਵਾਦ ’ਤੇ ਰਣਨੀਤੀ ਤਿਆਰ ਕੀਤੀ

  • fb
  • twitter
  • whatsapp
  • whatsapp
Advertisement

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਦਿੱਲੀ ਪਹੁੰਚੇ, ਪਰ ਉਨ੍ਹਾਂ ਦੀ ਕਿਸੇ ਵੀ ਸੀਨੀਅਰ ਆਗੂ ਨਾਲ ਮੁਲਾਕਾਤ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਸਿੱਧੂ ਹਾਈ ਕਮਾਨ ਨੂੰ ਮਿਲਣ ਲਈ ਸਾਰਾ ਦਿਨ ਦਿੱਲੀ ਵਿੱਚ ਰਹੇ ਅਤੇ ਅਖੀਰ ਦੇਰ ਸ਼ਾਮ ਖਾਲੀ ਹੱਥ ਮੁੰਬਈ ਲਈ ਰਵਾਨਾ ਹੋ ਗਏ। ਉਹ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਮੌਜੂਦਾ ਵਿਵਾਦ ’ਤੇ ਆਪਣਾ ਪੱਖ ਅਤੇ ਤੱਥ ਰੱਖਣਾ ਚਾਹੁੰਦੇ ਸਨ।

ਦੂਜੇ ਪਾਸੇ, ਕਾਂਗਰਸ ਹਾਈ ਕਮਾਨ ਨੇ ਸੂਬਾ ਇੰਚਾਰਜ ਭੁਪੇਸ਼ ਬਘੇਲ ਤੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਰਿਪੋਰਟ ਮੰਗੀ ਹੈ। ਪਤਾ ਲੱਗਿਆ ਹੈ ਕਿ ਸੰਸਦ ਦਾ ਸੈਸ਼ਨ ਖਤਮ ਹੋਣ ਮਗਰੋਂ ਹਾਈ ਕਮਾਨ ਇਸ ਮਸਲੇ ਵੱਲ ਧਿਆਨ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਬੀਤੇ ਦਿਨ ਦਿੱਲੀ ਜਾਣ ਲਈ ਰਵਾਨਾ ਹੋਏ ਸਨ ਪਰ ਉਹ ਬਾਅਦ ’ਚ ਦਿੱਲੀ ਦੀ ਥਾਂ ਪਟਿਆਲਾ ਪਹੁੰਚ ਗਏ। ਨਵਜੋਤ ਸਿੰਘ ਸਿੱਧੂ ਬੀਤੇ ਦਿਨ ਮੁੰਬਈ ਤੋਂ ਸਿੱਧਾ ਅੰਮ੍ਰਿਤਸਰ ਪੁੱਜ ਗਏ ਸਨ। ਅੱਜ ਨਵਜੋਤ ਕੌਰ ਸਿੱਧੂ ਵੀ ਅੰਮ੍ਰਿਤਸਰ ਆਏ। ਸਿੱਧੂ ਜੋੜੇ ਨੇ ਨਵੇਂ ਵਿਵਾਦ ’ਤੇ ਰਣਨੀਤੀ ਵੀ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਸਵੇਰ 10 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ।

Advertisement

ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਉਸ ਵੇਲੇ ਨਿਸ਼ਾਨੇ ’ਤੇ ਲਿਆ ਹੈ ਜਦੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦਾ ਪ੍ਰਚਾਰ ਸਿਖਰ ’ਤੇ ਹੈ। ਸੀਨੀਅਰ ਆਗੂ ਚੋਣ ਪ੍ਰਚਾਰ ਦੀ ਥਾਂ ਇਸ ਅੰਦਰੂਨੀ ਵਿਵਾਦ ਵਿੱਚ ਉਲਝ ਗਏ ਹਨ।

Advertisement

ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਪੰਜਾਬ ਸਰਕਾਰ ਨੇੜਿਓਂ ਦੇਖ ਰਹੀ ਹੈ। ਕਾਂਗਰਸ ਦਾ ਅੰਦਰੂਨੀ ਵਿਵਾਦ ਵਿਰੋਧੀ ਧਿਰਾਂ ਨੂੰ ਮੌਕਾ ਦੇ ਰਿਹਾ ਹੈ ਜਿਸ ਕਰ ਕੇ ਕਾਂਗਰਸ ਦੇ ਕਲੇਸ਼ ਨੂੰ ਸਾਰੀਆਂ ਧਿਰਾਂ ਸਿਆਸੀ ਤੌਰ ’ਤੇ ਲਾਹੇਵੰਦ ਮੰਨ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਬੋਲ ਬਾਣੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਬੀਬੀ ਸਿੱਧੂ ਨੇ ਵੜਿੰਗ ਤੇ ਰੰਧਾਵਾ ਨੂੰ ਲੰਮੇ ਹੱਥੀਂ ਲਿਆ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਜੱਦੀ ਘਰ ਵਿੱਚ ਅੱਜ ਸਿਆਸੀ ਸਰਗਰਮੀ ਦੇਖਣ ਨੂੰ ਮਿਲੀ। ਰਿਹਾਇਸ਼ ’ਤੇ ਭਾਵੇਂ ਬਹੁਤਾ ਇਕੱਠ ਨਹੀਂ ਸੀ ਪਰ ਕੁੱਝ ਸਿਆਸੀ ਆਗੂ ਤੇ ਨੈਸ਼ਨਲ ਮੀਡੀਆ ਦੇ ਪੱਤਰਕਾਰ ਮੌਕੇ ’ਤੇ ਜ਼ਰੂਰ ਨਜ਼ਰ ਆਏ। ਇਸ ਦੌਰਾਨ ਡਾ. ਸਿੱਧੂ ਨੇ ਐਕਸ ’ਤੇ ਪੋਸਟਾਂ ਪਾ ਕੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੰਮੇ ਹੱਥੀ ਲਿਆ। ਡਾ. ਸਿੱਧੂ ਨੇ ਵੜਿੰਗ ’ਤੇ ਪਾਰਟੀ ਖ਼ਿਲਾਫ਼ ਕੰਮ ਕਰਨ ਅਤੇ ਚੰਗੇ ਆਗੂਆਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ 70 ਫ਼ੀਸਦੀ ਇਮਾਨਦਾਰ ਆਗੂ ਹਾਲੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ, ‘‘ਅਸੀਂ ਕਾਂਗਰਸ ਨਾਲ ਸੀ, ਹਾਂ ਅਤੇ ਹਮੇਸ਼ਾ ਰਹਾਂਗੇ, ਪੰਜਾਬ ਜਿੱਤਾਂਗੇ ਅਤੇ ਆਪਣੇ ਨਿਮਰ, ਪਿਆਰੇ ਤੇ ਕੁਰਬਾਨੀਆਂ ਵਾਲੇ ਗਾਂਧੀ ਪਰਿਵਾਰ ਨੂੰ ਸੌਂਪਾਂਗੇ।’’ ਰੰਧਾਵਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਵਿੱਚ ਟਿਕਟਾਂ ਵੇਚਣ ਕਾਰਨ ਉਨ੍ਹਾਂ ਨੂੰ ਕੱਢਿਆ ਗਿਆ ਸੀ। ਬਰਗਾੜੀ ਮੋਰਚੇ ਦੀ ਵੀਡੀਓ ਸਾਂਝੀ ਕਰਦਿਆਂ ਡਾ. ਸਿੱਧੂ ਨੇ ਸਵਾਲ ਕੀਤਾ ਕਿ ਇਨਸਾਫ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਧਰਨਾ ਕਿਉਂ ਚੁੱਕਿਆ ਸੀ। 500 ਕਰੋੜ ਵਾਲੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲ ਤੋੜ-ਮਰੋੜ ਕੇ ਪੇਸ਼ ਕੀਤੀ ਗਈ ਹੈ। ਦੂਜੇ ਪਾਸੇ ਸਿੱਧੂ ਪਰਿਵਾਰ ਦੇ ਕਰੀਬੀ ਰਹੇ ਨਰਿੰਦਰ ਲਾਲੀ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ। ਲਾਲੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਥਾਪੇ ਗਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਹੀ ਹੁਣ ਉਨ੍ਹਾਂ ਦੇ ਅਸਲੀ ਨੇਤਾ ਹਨ।

ਨਵਜੋਤ ਕੌਰ ਨੇ ਰੰਧਾਵਾ ਦਾ ਕਾਨੂੰਨੀ ਨੋਟਿਸ ਨਕਾਰਿਆ

ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਤੱਥਹੀਣ ਅਤੇ ਕਾਨੂੰਨੀ ਤੌਰ ’ਤੇ ਗਲਤ ਕਰਾਰ ਦਿੰਦਿਆਂ ਮੁੱਢੋਂ ਰੱਦ ਕਰ ਦਿੱਤਾ ਹੈ। ਆਪਣੇ ਵਕੀਲ ਰਾਹੀਂ ਭੇਜੇ ਜਵਾਬ ਵਿੱਚ ਨਵਜੋਤ ਕੌਰ ਨੇ ਰੰਧਾਵਾ ਨੂੰ ਨੋਟਿਸ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਉਹ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਦੋਸ਼ ਲਾਉਣ ਬਦਲੇ ਜਵਾਬੀ ਕੇਸ ਕਰਨਗੇ। ਜ਼ਿਕਰਯੋਗ ਹੈ ਕਿ ਰੰਧਾਵਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਵਜੋਤ ਕੌਰ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ। -ਪੀਟੀਆਈ

ਕੁਰਸੀਆਂ ਦੀ ਬੋਲੀ ਲਾਉਣ ਲੱਗੇ ਵਿਰੋਧੀ: ਮਾਨ

ਚੰਡੀਗੜ੍ਹ (ਆਤਿਸ਼ ਗੁਪਤਾ): ਮੁੱਖ ਮੰਤਰੀ ਭਗਵੰਤ ਮਾਨ ਨੇ ਜਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤਦਿਆਂ ਹੀ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਦੀ ਤਰਕੀ ਲਈ ਕੰਮ ਕਰ ਰਿਹਾ ਹਾਂ, ਪਰ ਕਾਂਗਰਸੀ ਵਰਕਰ ਐੱਮ ਸੀ, ਐੱਮ ਐਲ ਏ, ਮੰਤਰੀਆਂ ਅਤੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਆਧੁਨਿਕ ਤਕਨੀਕ ਲਿਆਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਆਪਣੇ ਘਰਾਂ ਵਿੱਚ ਵੀ ਕੰਮ ਮਿਲ ਸਕੇ, ਪਰ ਕਾਂਗਰਸੀ ਮੰਡੀਆਂ ਦੇ ਭਾਅ ਵਾਂਗ ਪੰਜਾਬ ਦੀ ਆਰਥਿਕਤਾ ਅਤੇ ਕੁਰਸੀਆਂ ਦੀ ਕੀਮਤ ਲਾਉਣ ਲੱਗੇ ਹੋਏ ਹਨ; ਜਿਸ ਦੀ ਜਿਹੋ-ਜਿਹੀ ਨੀਅਤ ਹੁੰਦੀ ਹੈ, ਬੰਦਾ ਉਹੋ ਜਿਹਾ ਕੰਮ ਕਰਦਾ ਹੈ।

ਸ੍ਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਖਰੀਦਣਗੇ, ਉਹ ਲੋਕਾਂ ਦੀ ਸੇਵਾ ਨਹੀਂ ਕਰਨਗੇ। ਪਹਿਲਾਂ ਉਹ ਲੋਕ ਆਪਣੇ ਪੈਸੇ ਪੂਰੇ ਕਰਨਗੇ। ਇਨ੍ਹਾਂ ਸਿਆਸਤਦਾਨਾਂ ਨੇ ਪੰਜਾਬ ਨੂੰ ਬੋਲੀ ’ਤੇ ਲਾ ਦਿੱਤਾ ਹੈ, ਜਿਹੜਾ ਵੱਧ ਬੋਲੀ ਲਾਊ, ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਕਰਜ਼ੇ ਅਤੇ ਬਿਜਲੀ ਬਿੱਲ ਮੁਆਫ ਕਰਨ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ, ਉਹ ਸਮਾਂ ਆਉਣ ’ਤੇ ਸਿਆਸੀ ਆਗੂਆਂ ਦੀ ਕਾਰਗੁਜ਼ਰੀ ਦਾ ਫੈਸਲਾ ਕਰਨਗੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਤ ਬਿਆਨ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਅੰਦਰਲਾ ਕਲੇਸ਼ ਜੱਗ ਜ਼ਾਹਿਰ ਹੋ ਗਿਆ ਸੀ। ਹੁਣ ਮੁੱਖ ਮੰਤਰੀ ਦੇ ਇਸ ਬਿਆਨ ਨੇ ਸਿਆਸੀ ਮਾਹੌਲ ਹੋਰ ਭਖਾ ਦਿੱਤਾ ਹੈ। ਸ੍ਰੀ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮਾਂ ਆਉਣ ’ਤੇ ਸਹੀ ਫੈਸਲਾ ਕਰਨਗੇ।

Advertisement
×