Sibal on Dhankhar's Remarks: ਨਾ ਸੰਸਦ, ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸੁਪਰੀਮ ਹੈ: ਸਿੱਬਲ
Neither Parliament nor executive, Constitution is supreme: Sibal hits back at VP Dhankhar
ਨਵੀਂ ਦਿੱਲੀ, 22 ਅਪਰੈਲ
ਉਪ ਰਾਸ਼ਟਰਪਤੀ ਜਗਦੀਪ ਧਨਖੜ (Vice-President Jagdeep Dhankhar) 'ਤੇ ਜਵਾਬੀ ਹਮਲਾ ਕਰਦਿਆਂ ਮੰਗਲਵਾਰ ਨੂੰ ਰਾਜ ਸਭਾ ਮੈਂਬਰ ਕਪਿਲ ਸਿੱਬਲ (Rajya Sabha MP Kapil Sibal) ਕਿਹਾ ਕਿ ਦੇਸ਼ ਵਿਚ ਨਾ ਤਾਂ ਸੰਸਦ ਸਰਵਉੱਚ ਹੈ ਅਤੇ ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸਰਵਉੱਚ ਹੈ। ਗ਼ੌਰਤਲਬ ਹੈ ਕਿ ਧਨਖੜ ਵੱਲੋਂ ਸੁਪਰੀਮ ਕੋਰਟ ਦੇ ਹਾਲੀਆ ਹੁਕਮਾਂ 'ਤੇ ਸਵਾਲ ਉਠਾਉਂਦੀਆਂ ਆਪਣੀਆਂ ਟਿੱਪਣੀਆਂ ਦੀ ਆਲੋਚਨਾ ਕਰਨ ਵਾਲਿਆਂ ਉਤੇ ਹਮਲੇ ਬੋਲੇ ਜਾ ਰਹੇ ਹਨ, ਜਿਸ ਦੇ ਜਵਾਬ ਵਿਚ ਸਿੱਬਲ ਨੇ ਇਹ ਗੱਲ ਆਖੀ ਹੈ।
ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਕਹੀ ਗਈ ਹਰ ਗੱਲ ਦੇਸ਼ ਦੇ ਸੰਵਿਧਾਨਕ ਮੁੱਲਾਂ ਦੇ ਅਨੁਕੂਲ ਹੈ ਅਤੇ ਰਾਸ਼ਟਰੀ ਹਿੱਤ ਵੱਲੋਂ ਸੇਧਿਤ ਹੈ। ਐਕਸ 'ਤੇ ਪਾਈਆਂ ਪੋਸਟਾਂ ਵਿੱਚ ਸਿੱਬਲ ਦੀਆਂ ਟਿੱਪਣੀਆਂ ਧਨਖੜ ਦੇ ਇਹ ਕਹਿਣ ਤੋਂ ਤੁਰੰਤ ਬਾਅਦ ਆਈਆਂ ਕਿ ਕਿਸੇ ਸੰਵਿਧਾਨਕ ਅਥਾਰਟੀ ਵੱਲੋਂ ਬੋਲਿਆ ਗਿਆ ਹਰ ਸ਼ਬਦ ਸਰਵਉੱਚ ਕੌਮੀ ਹਿੱਤ ਰਾਹੀਂ ਸੇਧਿਤ ਹੁੰਦਾ ਹੈ।
ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਰਾਜਪਾਲਾਂ ਵੱਲੋਂ ਉਨ੍ਹਾਂ ਦੀ ਪ੍ਰਵਾਨਗੀ ਲਈ ਭੇਜੇ ਗਏ ਬਿੱਲਾਂ 'ਤੇ ਫੈਸਲਾ ਲੈਣ ਲਈ ਤਿੰਨ ਮਹੀਨਿਆਂ ਦੀ ਮਿਆਦ ਤੈਅ ਕੀਤੀ ਹੈ। ਅਦਾਲਤ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਕਿ ਸੂਬਾਈ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗਏ ਬਿਲ ਬਿਨਾਂ ਕਿਸੇ ਫ਼ੈਸਲੇ ਤੋਂ ਅਣਮਿਥੇ ਸਮੇਂ ਲਈ ਨਾ ਲਟਕਦੇ ਰਹਿਣ।
ਸਿਖਰਲੀ ਅਦਾਲਤ ਦੇ ਇਨ੍ਹਾਂ ਹੁਕਮਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਧਨਖੜ ਨੇ ਕਿਹਾ ਸੀ ਕਿ ਨਿਆਂਪਾਲਿਕਾ ‘ਸੁਪਰ ਪਾਰਲੀਮੈਂਟ’ ਦੀ ਭੂਮਿਕਾ ਨਹੀਂ ਨਿਭਾ ਸਕਦੀ ਅਤੇ ਕਾਰਜਪਾਲਿਕਾ ਦੇ ਖੇਤਰ ਵਿੱਚ ਦਖ਼ਲ ਨਹੀਂ ਦੇ ਸਕਦੀ। -ਪੀਟੀਆਈ