Shimla SP accuses DGP: ਹਿਮਾਚਲ ਪ੍ਰਦੇਸ਼: ਵਿਮਲ ਨੇਗੀ ਮਾਮਲੇ ’ਤੇ ਸ਼ਿਮਲਾ ਦੇ ਐਸਪੀ ਨੇ ਡੀਜੀਪੀ ’ਤੇ ਲਾਏ ਦੋਸ਼
ਸ਼ਿਮਲਾ, 24 ਮਈ
ਸ਼ਿਮਲਾ ਦੇ ਪੁਲੀਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਹਿਮਾਚਲ ਪ੍ਰਦੇਸ਼ ਦੇ ਪੁਲੀਸ ਡਾਇਰੈਕਟਰ ਜਨਰਲ ਅਤੁਲ ਵਰਮਾ ’ਤੇ ਗੁੰਮਰਾਹਕੁਨ ਸਟੇਟਸ ਰਿਪੋਰਟ ਦਾਇਰ ਕਰਨ ਦੇ ਦੋਸ਼ ਲਾਏ ਹਨ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਵਿਮਲ ਨੇਗੀ ਦੀ ਮੌਤ ਨਾਲ ਸਬੰਧਤ ਹੈ ਜਿਸ ਵਿਚ ਐਸਆਈਟੀ ਜਾਂਚ ਉੱਤੇ ਸਵਾਲੀਆ ਨਿਸ਼ਾਨ ਲਗਾਏ ਗਏ ਸਨ। ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਇਸ ਸਬੰਧੀ ਕਈ ਮਾਮਲਿਆਂ ਵਿੱਚ ਜਾਂਚ ਵਿੱਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਜਾਣਕਾਰੀ ਅਨੁਸਾਰ ਨੇਗੀ ਦੀ ਰਹੱਸਮਈ ਮੌਤ ਦੀ ਐਸਆਈਟੀ ਜਾਂਚ ਦੀ ਅਗਵਾਈ ਕਰਨ ਵਾਲੇ ਐਸਪੀ ਗਾਂਧੀ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਲੋਂ ਕੇਸ ਨੂੰ ਸੀਬੀਆਈ ਨੂੰ ਤਬਦੀਲ ਕਰਨ ਤੋਂ ਇੱਕ ਦਿਨ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਡੀਜੀਪੀ ਅਤੇ ਉਸ ਦੇ ਸਟਾਫ ਖ਼ਿਲਾਫ਼ ਦੁਰਵਿਹਾਰ ਦੇ ਦੋਸ਼ਾਂ ਲਾਏ। ਇਸ ਸਬੰਧੀ ਡੀਜੀਪੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਮੁੱਖ ਇੰਜੀਨੀਅਰ, ਨੇਗੀ 10 ਮਾਰਚ ਨੂੰ ਲਾਪਤਾ ਹੋ ਗਿਆ ਸੀ ਅਤੇ ਉਸਦੀ ਲਾਸ਼ 18 ਮਾਰਚ ਨੂੰ ਮਿਲੀ ਸੀ। ਉਸ ਦੀ ਪਤਨੀ ਕਿਰਨ ਨੇਗੀ ਨੇ ਦੋਸ਼ ਲਗਾਇਆ ਕਿ ਉਸਦੇ ਸੀਨੀਅਰਾਂ ਨੇ ਉਸ ਨੂੰ ਪਿਛਲੇ ਛੇ ਮਹੀਨਿਆਂ ਤੋਂ ਪ੍ਰੇਸ਼ਾਨ ਕੀਤਾ ਸੀ ਅਤੇ ਉਸ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।