ਸ਼ਿਲਪਾ ਤੇ ਕੁੰਦਰਾ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੀ ਹਦਾਇਤ
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਆਗਿਆ ਦੀ ਮੰਗ ਵਾਲੀ ਅਰਜ਼ੀ ’ਤੇ ਉਹ ਉਦੋਂ ਹੀ ਵਿਚਾਰ ਕਰੇਗੀ ਜਦੋਂ ਉਹ (ਸ਼ਿਲਪਾ-ਰਾਜ) 60 ਕਰੋੜ ਰੁਪਏ (ਉਨ੍ਹਾਂ ਵਿਰੁੱਧ ਧੋਖਾਧੜੀ ਦੇ ਮਾਮਲੇ...
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਆਗਿਆ ਦੀ ਮੰਗ ਵਾਲੀ ਅਰਜ਼ੀ ’ਤੇ ਉਹ ਉਦੋਂ ਹੀ ਵਿਚਾਰ ਕਰੇਗੀ ਜਦੋਂ ਉਹ (ਸ਼ਿਲਪਾ-ਰਾਜ) 60 ਕਰੋੜ ਰੁਪਏ (ਉਨ੍ਹਾਂ ਵਿਰੁੱਧ ਧੋਖਾਧੜੀ ਦੇ ਮਾਮਲੇ ’ਚ ਸ਼ਾਮਲ ਰਕਮ ਹੈ) ਜਮ੍ਹਾਂ ਕਰਵਾਉਣਗੇ। ਸ਼ਿਲਪਾ ਤੇ ਉਸ ਦੇ ਪਤੀ ਰਾਜ ਕੁੰਦਰਾ ਵਿਰੁੱਧ 14 ਅਗਸਤ ਨੂੰ ਮੁੰਬਈ ਦੇ ਜੁਹੂ ਥਾਣੇ ’ਚ ਕਾਰੋਬਾਰੀ ਦੀਪਕ ਕੋਠਾਰੀ (60) ਨਾਲ ਕਰਜ਼ਾ ਤੇ ਨਿਵੇਸ਼ ਕਰਾਰ ’ਚ ਲਗਪਗ 60 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ (ਈ ਓ ਡਬਲਿਊ) ਨੇ ਇਸ ਮਾਮਲੇ ’ਚ ਅਦਾਕਾਰਾ ਤੇ ਉਸ ਦੇ ਪਤੀ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਸੀ।
ਇਸ ਜੋੜੇ ਨੇ ਪਿਛਲੇ ਮਹੀਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਮਾਮਲੇ ’ਚ ਪੁਲੀਸ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਲੁਕਆਊਟ ਸਰਕੁਲਰ ਮੁਅੱਤਲ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੇਸ਼ੇਵਰ ਕੰਮਾਂ ਤੇ ਮਨੋਰੰਜਨ ਲਈ ਵਿਦੇਸ਼ ਯਾਤਰਾ ਕਰ ਸਕਣ।
ਚੀਫ਼ ਜਸਟਿਸ ਸ੍ਰੀ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖੜ ਦੇ ਬੈਂਚ ਨੇ ਅੱਜ ਕਿਹਾ ਕਿ ਜਦੋਂ ਦੋਵਾਂ ’ਤੇ ਧੋਖਾਧੜੀ ਤੇ ਫਰਾਡ ਦੇ ਮਾਮਲੇ ’ਚ ਦੋਸ਼ ਲੱਗੇ ਹਨ, ਤਾਂ ਉਹ ਮਨੋਰੰਜਨ ਲਈ ਯਾਤਰਾਵਾਂ ਦੀ ਆਗਿਆ ਨਹੀਂ ਦੇ ਸਕਦੇ। ਜੋੜੇ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋਵਾਂ ਨੇ ਜਾਂਚ ’ਚ ਸਹਿਯੋਗ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਦੋਵਾਂ ਵੱਲੋਂ ਜਾਂਚ ਦੇ ਸਹਿਯੋਗ ਕਾਰਨ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਬੈਂਚ ਨੇ ਕਿਹਾ, ‘‘ਪੂਰੀ ਰਕਮ 60 ਕਰੋੜ ਰੁਪਏ ਜਮ੍ਹਾਂ ਕਰਵਾਓ, ਫਿਰ ਅਸੀਂ ਅਰਜ਼ੀ ’ਤੇ ਵਿਚਾਰ ਕਰਾਂਗੇ।’’ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਤਰੀਕ 14 ਅਕਤੂਬਰ ਤੈਅ ਕੀਤੀ ਹੈ।