ਸ਼ਿਬੂ ਸੋਰੇਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (81) ਦਾ ਅੱਜ ਰਾਮਗੜ੍ਹ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਨੇਮਰਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਸਿਖਰਲੇ ਆਗੂਆਂ ਤੋਂ ਲੈ ਕੇ ਆਮ ਲੋਕਾਂ ਨੇ ‘ਦਿਸ਼ੋਮ ਗੁਰੂ’ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਸੋਰੇਨ ਨੂੰ ਲੋਕ ਪਿਆਰ ਨਾਲ ‘ਦਿਸ਼ੋਮ ਗੁਰੂ’ ਕਹਿੰਦੇ ਸਨ। ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਸਹਿ-ਸੰਸਥਾਪਕ ਦੇ ਜੱਦੀ ਪਿੰਡ ਨੇਮਰਾ ਵਿੱਚ ਹਰ ਕੋਈ ਆਪਣੇ ਪਿਆਰੇ ਨੇਤਾ ਦੀ ਮੌਤ ’ਤੇ ਦੁਖੀ ਸੀ। ਜਿਵੇਂ ਹੀ ਉਨ੍ਹਾਂ ਦੇ ਵੱਡੇ ਪੁੱਤਰ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ, ਲੋਕਾਂ ਨੇ ‘ਗੁਰੂ ਜੀ ਅਮਰ ਰਹੇ’ ਦੇ ਨਾਅਰੇ ਲਗਾਏ। ਜੇਐੱਮਐੱਮ ਦੇ ਸਹਿ-ਸੰਸਥਾਪਕ ਦਾ ਸੋਮਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਗੁਰਦੇ ਦੀ ਬਿਮਾਰੀ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਰਾਸ਼ਟਰਪਤੀ ਦਰੋਪਦ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਆਗੂਆਂ ਨੇ ਕੌਮੀ ਰਾਜਧਾਨੀ ਵਿੱਚ ਮਰਹੂਮ ਆਗੂ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਸ਼ਿਬੂ ਸੋਰੇਨ ਦੀ ਮ੍ਰਿਤਕ ਦੇਹ ਨੂੰ ਆਦਿਵਾਸੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਫੁੱਲਾਂ ਨਾਲ ਸਜੀ ਪਾਲਕੀ ’ਤੇ ਰੱਖਿਆ ਗਿਆ, ਜਿੱਥੇ ਲੋਕਾਂ ਨੇ ਚਾਦਰਾਂ, ਸ਼ਾਲਾਂ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਮ੍ਰਿਤਕ ਦੇਹ ਨੂੰ ਤਿਰੰਗੇ ਅਤੇ ਜੇਐੱਮਐੱਮ ਦੇ ਝੰਡੇ ਵਿੱਚ ਲਪੇਟਿਆ ਗਿਆ ਸੀ।