ਕਬਾਇਲੀ ਖਿੱਤੇ ਤੋਂ ਉਠ ਕੇ ਵੱਡੀ ਸਿਆਸੀ ਹਸਤੀ ਬਣੇ ਸ਼ਿਬੂ
ਸ਼ਿਬੂ ਸੋਰੇਨ ਦਾ ਜਨਮ 11 ਜਨਵਰੀ, 1944 ਨੂੰ ਨੇਮਰਾ ਪਿੰਡ (ਹੁਣ ਝਾਰਖੰਡ ਵਿੱਚ) ਵਿੱਚ ਹੋਇਆ। ਉਹ ਸਾਧਾਰਨ ਕਬਾਇਲੀ ਜੜ੍ਹਾਂ ਤੋਂ ਉੱਠ ਕੇ ਪੂਰਬੀ ਭਾਰਤ ਵਿੱਚ ਵੱਡੀ ਸਿਆਸੀ ਹਸਤੀ ਬਣੇ। ਉਨ੍ਹਾਂ ਨੇ 1972 ਵਿੱਚ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਸਥਾਪਨਾ ਕੀਤੀ ਅਤੇ ਸੰਥਾਲ ਕਬਾਇਲੀ ਭਾਈਚਾਰੇ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦੇ ਹੋਏ ਵੱਖਰੇ ਝਾਰਖੰਡ ਰਾਜ ਲਈ ਦਹਾਕਿਆਂ ਤੱਕ ਚੱਲੇ ਅੰਦੋਲਨ ਦੀ ਅਗਵਾਈ ਕੀਤੀ। ਸੋਰੇਨ ਨੇ ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ- 2005 ਵਿੱਚ ਸੰਖੇਪ ਵਿੱਚ ਅਤੇ ਫਿਰ 2008-09 ਅਤੇ 2009-10 ਵਿੱਚ। ਉਹ ਦੁਮਕਾ ਤੋਂ ਕਈ ਵਾਰ ਸੰਸਦ ਮੈਂਬਰ ਵੀ ਰਹੇ, ਰਾਜ ਸਭਾ ਵਿੱਚ ਸੇਵਾ ਨਿਭਾਈ ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕੇਂਦਰੀ ਕੋਲਾ ਮੰਤਰੀ ਦਾ ਅਹੁਦਾ ਸੰਭਾਲਿਆ। ਸੋਰੇਨ ਪਹਿਲੀ ਵਾਰ 1977 ਵਿੱਚ ਅਸਫਲ ਚੋਣ ਤੋਂ ਬਾਅਦ 1980 ਵਿੱਚ ਦੁਮਕਾ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਸੰਸਦ ਵਿੱਚ ਕਈ ਵਾਰ ਸੇਵਾ ਕੀਤੀ ਅਤੇ ਯੂਪੀਏ ਸਰਕਾਰ ਦੌਰਾਨ 2004 ਵਿੱਚ ਕੇਂਦਰੀ ਕੋਲਾ ਮੰਤਰੀ ਬਣੇ। ਹਾਲਾਂਕਿ ਉਨ੍ਹਾਂ ਦਾ ਮੰਤਰੀ ਕਾਰਜਕਾਲ ਉਦੋਂ ਛੋਟਾ ਕਰ ਦਿੱਤਾ ਗਿਆ ਜਦੋਂ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਉਹ ਜ਼ਮਾਨਤ ਮਿਲਣ ਤੋਂ ਬਾਅਦ ਉਸੇ ਸਾਲ ਦੇ ਅੰਤ ’ਚ ਕੈਬਨਿਟ ਵਿੱਚ ਥੋੜ੍ਹੇ ਸਮੇਂ ਲਈ ਵਾਪਸ ਆਏ। 2005 ਵਿੱਚ ਸ਼ਿਬੂ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਬਣੇ ਪਰ ਉਨ੍ਹਾਂ ਦੀ ਸਰਕਾਰ ਆਪਣਾ ਬਹੁਮਤ ਸਾਬਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਸਿਰਫ਼ ਨੌਂ ਦਿਨ ਹੀ ਚੱਲੀ। ਉਹ 2008 ਅਤੇ 2009 ਵਿੱਚ ਦੁਬਾਰਾ ਮੁੱਖ ਮੰਤਰੀ ਵਜੋਂ ਵਾਪਸ ਆਏ। ਸੋਰੇਨ ਦੇ ਜੀਵਨ ਦਾ ਸਭ ਤੋਂ ਕਾਲਾ ਅਧਿਆਏ 2006 ਵਿੱਚ ਆਇਆ ਜਦੋਂ ਉਨ੍ਹਾਂ ਨੂੰ ਆਪਣੇ ਸਾਬਕਾ ਸਕੱਤਰ ਸ਼ਸ਼ੀਨਾਥ ਝਾਅ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਹ ਮਾਮਲਾ ਨਰਸਿਮਹਾ ਰਾਓ ਸਰਕਾਰ ਨੂੰ ਬਚਾਉਣ ਲਈ 1993 ਦੇ ਕਥਿਤ ਜੇਐੱਮਐੱਮ ਰਿਸ਼ਵਤਖੋਰੀ ਘੁਟਾਲੇ ਨਾਲ ਜੁੜਿਆ ਹੋਇਆ ਸੀ। ਸੋਰੇਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਉਹ ਪਹਿਲੇ ਕੇਂਦਰੀ ਬਣੇ ਜਿਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਹਾਲਾਂਕਿ 2007 ਵਿੱਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਸਬੂਤਾਂ ਦੀ ਘਾਟ ਅਤੇ ਹੇਠਲੀ ਅਦਾਲਤ ਦੇ ਤਰਕ ਵਿੱਚ ਪਾੜੇ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ। ਆਪਣੇ ਕਰੀਅਰ ਦੌਰਾਨ ਵਿਵਾਦਾਂ ਦੇ ਬਾਵਜੂਦ ਸੋਰੇਨ ਇੱਕ ਜ਼ਬਰਦਸਤ ਜ਼ਮੀਨੀ ਪੱਧਰ ਦੇ ਨੇਤਾ ਰਹੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਜੇਐੱਮਐੱਮ ਝਾਰਖੰਡ ਦੀ ਕਬਾਇਲੀ ਅਤੇ ਖੇਤਰੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਸ਼ਕਤੀ ਬਣ ਗਈ। ਉਨ੍ਹਾਂ ਦਾ ਪਰਿਵਾਰ, ਜਿਸ ਵਿੱਚ ਪੁੱਤਰ ਹੇਮੰਤ ਅਤੇ ਬਸੰਤ ਸ਼ਾਮਲ ਹਨ, ਦਾ ਸੂਬੇ ਵਿਚ ਅਹਿਮ ਸਿਆਸੀ ਅਸਰ ਰਸੂਖ ਹੈ।