ਸ੍ਰੀਨਗਰ, 6 ਜੁਲਾਈ
ਮੁਹੱਰਮ ਦੇ ਦਸਵੇਂ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਇਮਾਨ ਹੁਸੈਨ ਦੀ ਸ਼ਹਾਦਤ ਮੌਕੇ ਅੱਜ ਸ਼ੀਆ ਭਾਈਚਾਰੇ ਨੇ ਸ਼ਹਿਰ ਵਿੱਚ ਤਾਜੀਏ ਕੱਢੇ। ਅਧਿਕਾਰੀਆਂ ਨੇ ਦੱਸਿਆ ਕਿ ਮੁਹੱਰਮ ਦਾ ਜਲੂਸ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਹਿਰ ਦੇ ਲਾਲ ਬਾਜ਼ਾਰ ਇਲਾਕੇ ਵਿੱਚ ਬੋਟਾ ਕਦਲ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਿਨਹਾ ਨੇ ਬੋਰਾ ਕਦਲ ਤੋਂ ਜਲੂਸ ਸ਼ੁਰੂ ਹੋਣ ਅਤੇ ਜਦੀਬਲ ਇਮਾਮਬਾੜਾ ’ਤੇ ਖ਼ਤਮ ਹੋਣ ਤੋਂ ਪਹਿਲਾਂ ਸ਼ੋਕ ਮਨਾਉਣ ਵਾਲੇ ਸ਼ੀਆ ਭਾਈਚਾਰੇ ਨੂੰ ਪਾਣੀ ਦੀਆਂ ਬੋਤਲਾਂ ਵੰਡੀਆਂ। ਉਪ ਰਾਜਪਾਲ ਨੇ ‘ਐਕਸ’ ’ਤੇ ਪੋਸਟ ਵਿੱਚ ਇਮਾਮ ਹੁਸੈਨ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਲਿਖਿਆ, ‘‘ਯੌਮ-ਏ-ਆਸ਼ੂਰਾ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀਨਗਰ ਦੇ ਡਾਊਨਟਾਊਨ ਵਿੱਚ ਬੋਟਾ ਕਦਲ ਵਿੱਚ ਜੁਲਜਿਨਾਹ ਤਾਜੀਆ ਵਿੱਚ ਸ਼ਾਮਲ ਹੋਇਆ ਅਤੇ ਹਜ਼ਰਤ ਇਮਾਮ ਹੁਸੈਨ (ਏਐੱਸ) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ। ਸ਼ਾਂਤੀ, ਪਿਆਰ ਅਤੇ ਹਮਦਰਦੀ ਲਈ ਉਨ੍ਹਾਂ ਦਾ ਬਲੀਦਾਨ ਸਾਨੂੰ ਬਰਾਬਰੀ ਅਤੇ ਸਦਭਾਵਨਾ ’ਤੇ ਅਧਾਰਿਤ ਸਮਾਜ ਬਣਾਉਣ ਲਈ ਮਾਰਗਦਰਸ਼ਨ ਕਰਦਾ ਹੈ।’’ ਸਿਨਹਾ ਨੇ ਕਿਹਾ, ‘‘ਨੌਜਵਾਨ ਪੀੜ੍ਹੀ ਨੂੰ ਹਜ਼ਰਤ ਇਮਾਮ ਹੁਸੈਨ ਦੇ ਜੀਵਨ ਤੋਂ ਸਿੱਖਦਿਆਂ ਉਨ੍ਹਾਂ ਵੱਲੋਂ ਦਿਖਾਏ ਨੇਕ ਰਸਤੇ ’ਤੇ ਚੱਲਣਾ ਚਾਹੀਦਾ ਹੈ।’’ -ਪੀਟੀਆਈ
ਬੁਰਾਈ ਖ਼ਿਲਾਫ਼ ਇਕਜੁੱਟ ਹੋਣ ਮੁਸਲਮਾਨ: ਫਾਰੂਕ ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਮੁਸਲਮਾਨ ਭਾਈਚਾਰੇ ਨੂੰ ਬੁਰਾਈ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ। ਅਬਦੁੱਲਾ ਨੇ ਪੁਰਾਣੇ ਸ੍ਰੀਨਗਰ ਸ਼ਹਿਰ ਵਿੱਚ ਇੱਕ ਤਾਜੀਏ ਵਿੱਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਮੁਸਲਮਾਨਾਂ ਨੂੰ ਸਾਰੀਆਂ ਬੁਰਾਈਆਂ ਖ਼ਿਲਾਫ਼ ਇਕਜੁੱਟ ਹੋਣਾ ਚਾਹੀਦਾ ਹੈ। ਇਹੀ ਇਕਲੌਤਾ ਤਰੀਕਾ ਹੈ ਜਿਸ ਨਾਲ ਦੁਨੀਆ ਵਿੱਚ ਸ਼ਾਂਤੀ ਆਵੇਗੀ।’’ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇਸਲਾਮ ਨੂੰ ਸ਼ਾਂਤੀ ਤੇ ਭਾਈਚਾਰੇ ਦਾ ਧਰਮ ਕਰਾਰ ਦਿੱਤਾ। ਅਬਦੁੱਲਾ ਨੇ ‘ਕੇਫੀਏਹ’ ਸਕਾਰਫ (ਅਰਬੀ ਟੋਪੀ ਅਤੇ ਫਲਸਤੀਨੀ ਵਿਰੋਧ ਦਾ ਪ੍ਰਤੀਕ) ਪਹਿਨਿਆ ਹੋਇਆ ਸੀ। ਉਨ੍ਹਾਂ ਕਿਹਾ, ‘‘ਅਸੀਂ ਇਸਲਾਮੀ ਦੁਨੀਆ ਫਲਸਤੀਨੀਆਂ ਅਤੇ ਇਰਾਨ ਨਾਲ ਇਸਲਾਮੀ ਜੰਗ ਵਿੱਚ ਇਕਜੁੱਟਤਾ ਪ੍ਰਗਟ ਕਰਦੇ ਹਾਂ।’’ ਉਨ੍ਹਾਂ ਇਹ ਵੀ ਕਿਹਾ, ‘‘ਅਤੇ ਇਹ ਕਰਬਲਾ ਹੀ ਹੈ, ਜਿਸਨੇ ਇਸਲਾਮ ਨੂੰ ਇਹ ਉਮੀਦ ਦਿੱਤੀ ਹੈ ਕਿ ਅਸੀਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਜ਼ਿੰਦਾ ਰਹਾਂਗੇ ਅਤੇ ਕੋਈ ਵੀ ਇਸਲਾਮ ਨੂੰ ਹਰਾ ਨਹੀਂ ਸਕੇਗਾ।’’ -ਪੀਟੀਆਈ