Shefali Jariwala Death: ਖਾਲੀ ਪੇਟ ਦਵਾਈਆਂ ਖਾਣ ਤੇ ਬਲੱਡ ਪ੍ਰੈਸ਼ਰ ਘਟਣ ਨਾਲ ਹੋਈ ਸ਼ੈਫਾਲੀ ਜਰੀਵਾਲਾ ਦੀ ਮੌਤ
ਮੁੰਬਈ, 30 ਜੂਨ
ਅਦਾਕਾਰਾ ਸ਼ੈਫਾਲੀ ਜਰੀਵਾਲਾ ਦਾ ਤਿੰਨ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਉਹ ਜਵਾਨ ਰਹਿਣ ਵਾਲੀਆਂ ਦਵਾਈਆਂ ਸਣੇ ਹੋਰ ਦਵਾਈਆਂ ਨਿਯਮਤ ਸਮੇਂ ’ਤੇ ਖਾ ਰਹੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਖਾਲੀ ਪੇਟ ਕਈ ਦਵਾਈਆਂ ਖਾਧੀਆਂ ਜਿਸ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ। 42 ਸਾਲਾ ਅਦਾਕਾਰਾ ਨੇ ਗੀਤ ਕਾਂਟ ਲਗਾ ਨਾਲ ਨਾਮਣਾ ਖੱਟਿਆ ਸੀ। ਉਸ ਦਾ ਅਦਾਕਾਰ ਪਤੀ ਪਰਾਗ ਤਿਆਗੀ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਅੰਧੇਰੀ ਦੇ ਨਿੱਜੀ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਘਰ ਵਿੱਚ ਪੂਜਾ ਕਰਕੇ ਵਰਤ ਰੱਖ ਰਹੀ ਸੀ ਅਤੇ ਖਾਲੀ ਪੇਟ ਕਈ ਦਵਾਈਆਂ ਖਾਣ ਨਾਲ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਈ। ਉਸ ਨੇ ਦੁਪਹਿਰ ਵੇੇਲੇ ਇੱਕ ਟੀਕਾ ਲਗਾਇਆ ਸੀ ਤੇ ਸੰਭਾਵਤ ਤੌਰ ਇਹ ਜਵਾਨ ਰਹਿਣ ਲਈ ਸੀ।
ਉਨ੍ਹਾਂ ਕਿਹਾ, ‘ਉਸ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਅਤੇ ਉਹ ਕੰਬਣ ਲੱਗੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਹੁਣ ਤੱਕ 10 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਉਸਦੇ ਪਤੀ, ਮਾਤਾ-ਪਿਤਾ ਅਤੇ ਘਰ ਦੇ ਸਹਾਇਕ ਵੀ ਸ਼ਾਮਲ ਹਨ, ਜੋ ਸਾਰੇ ਉਸ ਸਮੇਂ ਘਰ ਵਿੱਚ ਮੌਜੂਦ ਸਨ, ਹਾਲਾਂਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।