DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਪੀਕਰ ਵੱਲੋਂ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਪ੍ਰਵਾਨ

ਦੋ ਮਹੀਨੇ ਪਹਿਲਾਂ ‘ਆਪ’ ਛੱਡ ਕੇ ਭਾਜਪਾ ’ਚ ਹੋਇਆ ਸੀ ਸ਼ਾਮਲ
  • fb
  • twitter
  • whatsapp
  • whatsapp
Advertisement

* ਜਲੰਧਰ ਪੱਛਮੀ ਤੋਂ ਵਿਧਾਇਕ ਨੇ ਹਾਈ ਕੋਰਟ ਜਾਣ ਦਾ ਕੀਤਾ ਐਲਾਨ

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 3 ਜੂਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅੰਗੁਰਾਲ ਨੇ ਹਾਲਾਂਕਿ ਲੰਘੇ ਦਿਨ ਵਿਧਾਨ ਸਭਾ ਸਪੀਕਰ ਦੇ ਨਾਮ ਚਿੱਠੀ ਲਿਖ ਕੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ। ਅੰਗੁਰਾਲ ਅੱਜ ਵਿਧਾਨ ਸਭਾ ਸਪੀਕਰ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ, ਪਰ ਸਪੀਕਰ ਦੇ ਮੌਜੂਦ ਨਾ ਹੋਣ ਕਰਕੇ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ। ਅੰਗੁਰਾਲ ਨੇ ਕਿਹਾ ਕਿ ਉਹ ਸਪੀਕਰ ਦੀ ਧੱਕੇਸ਼ਾਹੀ ਖਿਲਾਫ਼ ਹਾਈ ਕੋਰਟ ਦਾ ਦਰ ਖੜਕਾਉਣਗੇ।

ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਲੋਕ ਸਭਾ ਹਲਕਾ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ 28 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਇਕ ਦਿਨ ਬਾਅਦ 28 ਮਾਰਚ ਨੂੰ ਹੀ ਸ਼ੀਤਲ ਅੰਗੁਰਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ। ਜਾਣਕਾਰੀ ਅਨੁਸਾਰ ਸਪੀਕਰ ਨੇ 30 ਮਈ ਨੂੰ ਅੰਗੁਰਾਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਸੀ, ਜਦੋਂ ਕਿ 31 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਜਲੰਧਰ ਪੱਛਮੀ ਦੀ ਸੀਟ ਖਾਲੀ ਐਲਾਨ ਦਿੱਤੀ ਸੀ। ਅੰਗੁਰਾਲ ਨੇ 2 ਜੂਨ ਨੂੰ ਵਿਧਾਨ ਸਭਾ ਸਪੀਕਰ ਦੇ ਨਾਮ ਪੱਤਰ ਲਿਖ ਕੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ। ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ਤੋਂ ‘ਮੋਦੀ ਕਾ ਪਰਿਵਾਰ’ ਵੀ ਹਟਾ ਦਿੱਤਾ ਹੈ। ਸ਼ੀਤਲ ਅੰਗੁਰਾਲ ਪਹਿਲਾਂ ਵੀ ਭਾਜਪਾ ਛੱਡ ਕੇ ‘ਆਪ’ ਵਿੱਚ ਆਏ ਸਨ। ਉਨ੍ਹਾਂ ਨੇ ‘ਆਪ’ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਚੋਣਾਂ ਲੜ ਕੇ ਜਿੱਤ ਹਾਸਲ ਕੀਤੀ ਸੀ। ਅੰਗੁਰਾਲ ਨੇ ਸਪੀਕਰ ਵੱਲੋਂ ਅਸਤੀਫ਼ਾ ਪ੍ਰਵਾਨ ਕਰਨ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਮੈਂ ਦੋ ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ। ਅਸਤੀਫਾ ਦੇਣ ਦਾ ਕਾਰਨ ਸੀ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦੇ ਨਾਲ ਜ਼ਿਮਨੀ ਚੋਣ ਕਰਵਾਈ ਜਾਵੇ, ਪਰ ਸੂਬਾ ਸਰਕਾਰ ਨੇ ਨਹੀਂ ਕਰਵਾਈਆਂ। ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵੱਲੋਂ ਇਕ ਪੱਤਰ ਰਾਹੀਂ ਮੈਨੂੰ ਅਸਤੀਫ਼ੇ ਬਾਰੇ ਗੱਲਬਾਤ ਕਰਨ ਲਈ 3 ਜੂਨ ਨੂੰ ਸਵੇਰੇ 11 ਵਜੇ ਸੱਦਿਆ ਗਿਆ ਸੀ। ਜਦੋਂ ਅੱਜ ਮੈਂ ਵਿਧਾਨ ਸਭਾ ਪਹੁੰਚਿਆ ਤਾਂ ਸਪੀਕਰ ਵਿਧਾਨ ਸਭਾ ਵਿੱਚ ਨਹੀਂ ਸਨ।’’ ਅੰਗੁਰਾਲ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਦਫ਼ਤਰ ਨੇ ਉਨ੍ਹਾਂ ਨੂੰ 11 ਜੂਨ ਨੂੰ ਸਵੇਰੇ 11 ਵਜੇ ਮੁੜ ਸੱਦਿਆ, ਪਰ ਦਿੱਲੀ ਬੈਠੇ ‘ਆਪ’ ਆਗੂਆਂ ਦੇ ਦਬਾਅ ਹੇਠ ਸਪੀਕਰ ਨੇ ਅੱਜ ਬਾਅਦ ਦੁਪਹਿਰ ਪੁਰਾਣੀ ਤਾਰੀਖ ਵਿੱਚ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੇ ਦਬਾਅ ਹੇਠ ਅਸਤੀਫ਼ਾ ਪ੍ਰਵਾਨ ਕੀਤਾ ਹੈ, ਜਿਸ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਕੋਈ ਧੱਕੇਸ਼ਾਹੀ ਨਹੀਂ ਹੋਈ, ਨੇਮਾਂ ਮੁਤਾਬਕ ਅਸਤੀਫ਼ਾ ਪ੍ਰਵਾਨ ਕੀਤਾ: ਸੰਧਵਾਂ

ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨਾਲ ਕੋਈ ਧੱਕਾ ਨਹੀਂ ਹੋਇਆ ਤੇ ਨੇਮਾਂ ਮੁਤਾਬਕ ਹੀ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਗਿਆ ਹੈ। ਸੰਧਵਾਂ ਨੇ ਕਿਹਾ ਕਿ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਪਹਿਲਾਂ ਹੀ ਮਨਜ਼ੂਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਸਿਰਫ਼ ਇਸ ਬਾਰੇ ਜਾਣਕਾਰੀ ਦੇਣੀ ਬਾਕੀ ਸੀ। ਉਨ੍ਹਾਂ ਕਿਹਾ ਕਿ ਸਪੀਕਰ ਹੋਣ ਦੇ ਨਾਤੇ ਅਤੇ ਨਿਯਮਾਂਵਲੀ ਤਹਿਤ ਅਸਤੀਫ਼ਾ ਸਵੀਕਾਰ ਕਰਨਾ ਉਨ੍ਹਾਂ ਦੀ ਡਿਊਟੀ ਬਣਦੀ ਸੀ, ਜੋ ਉਨ੍ਹਾਂ ਨੇ ਪੂਰੀ ਕਰ ਦਿੱਤੀ ਹੈ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਅੰਗੁਰਾਲ ਨੂੰ ਅੱਜ ਅਸਤੀਫ਼ੇ ਬਾਰੇ ਕੋਈ ਚਰਚਾ ਕਰਨ ਲਈ ਨਹੀਂ ਸਗੋਂ ਅਸਤੀਫ਼ਾ ਸਵੀਕਾਰ ਕਰਨ ਬਾਰੇ ਜਾਣਕਾਰੀ ਦੇਣ ਲਈ ਸੱਦਿਆ ਸੀ। ਸੰਧਵਾਂ ਨੇ ਕਿਹਾ ਕਿ ਸਪੀਕਰ ਸਭ ਦਾ ਹੁੰਦਾ ਹੈ ਅਤੇ ਫ਼ੈਸਲਾ ਕਾਨੂੰਨ ਅਨੁਸਾਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ’ਤੇ ‘ਐਂਟੀ ਡਿਫ਼ੈਕਸ਼ਨ ਲਾਅ’ (ਦਲਬਦਲੀ ਵਿਰੋਧੀ ਕਾਨੂੰਨ) ਵੀ ਲੱਗ ਸਕਦਾ ਹੈ, ਪਰ ਉਹ ਇਕ ਵੱਖਰਾ ਮਾਮਲਾ ਹੈ, ਅਸਤੀਫ਼ਾ ਤਾਂ ਖ਼ੁਦ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦਿੱਤਾ ਹੈ। ਜਲੰਧਰ ਪੱਛਮੀ ਸੀਟ ਖਾਲੀ ਹੋਣ ਨਾਲ ਜ਼ਿਮਨੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ ਤੇ ‘ਆਪ’ ਦੀ ਟਿਕਟ ਦੇ ਚਾਹਵਾਨਾਂ ਨੇ ਹੁਣ ਤੋਂ ਤਿਆਰੀਆਂ ਕੱਸ ਦਿੱਤੀਆਂ ਹਨ। ‘ਆਪ’ ਦੇ ਹਲਕਾ ਇੰਚਾਰਜ ਮਹਿੰਦਰ ਭਗਤ ਟਿਕਟ ਲੈਣ ਵਾਲਿਆਂ ਵਿੱਚੋਂ ਮੂਹਰਲੀ ਕਤਾਰ ਵਿੱਚ ਸ਼ਾਮਲ ਹਨ।

Advertisement
×