ਪਾਕਿਸਤਾਨ ਨੂੰ ‘ਕਲੀਨ ਚਿੱਟ’ ਦੇਣ ਲਈ ਸ਼ਾਹ ਵੱਲੋਂ ਵਿਰੋਧੀ ਧਿਰ ਦੀ ਆਲੋਚਨਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ’ਚ ਐਲਾਨ ਕੀਤਾ ਕਿ ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਅਤਿਵਾਦੀਆਂ ਨੂੰ ਸ੍ਰੀਨਗਰ ਨੇੜੇ ਸੈਨਾ, ਸੀਆਰਪੀਐੱਫ ਤੇ ਜੰਮੂ ਕਸ਼ਮੀਰ ਪੁਲੀਸ ਦੀ ਸਾਂਝੀ ਮੁਹਿੰਮ ’ਚ ਮਾਰ ਮੁਕਾਇਆ ਗਿਆ ਹੈ। ਇਹ ਅਤਿਵਾਦੀ ਬੀਤੇ ਦਿਨ ‘ਅਪਰੇਸ਼ਨ ਮਹਾਦੇਵ’ ਤਹਿਤ ਮਾਰੇ ਗਏ ਸਨ। ਅਪਰੇਸ਼ਨ ਸਿੰਧੂਰ ਬਾਰੇ ਚਰਚਾ ’ਚ ਹਿੱਸਾ ਲੈਦਿਆਂ ਸ਼ਾਹ ਨੇ ਪਾਕਿਸਤਾਨ ਨੂੰ 22 ਅਪਰੈਲ ਦੇ ਪਹਿਲਗਾਮ ਹਮਲੇ ਲਈ ‘ਕਲੀਨ ਚਿੱਟ’ ਦੇਣ ਲਈ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੇਸ਼ ਵੰਡ ਦਾ ਵਿਰੋਧ ਕਰਦੀ ਤਾਂ ਜੰਮੂ ਕਸ਼ਮੀਰ ’ਚ ਅਤਿਵਾਦ ਦੀ ਸਮੱਸਿਆ ਕਦੀ ਵੀ ਪੈਦਾ ਨਾ ਹੁੰਦੀ। ਸ਼ਾਹ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਹਾਲੀਆ ਟਿੱਪਣੀ ਦਾ ਜ਼ਿਕਰ ਕਰ ਰਹੇ ਸਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪਹਿਲਗਾਮ ਹਮਲੇ ਪਿੱਛੇ ‘ਦੇਸ਼ ਅੰਦਰਲੇ ਅਤਿਵਾਦੀ’ ਹੋ ਸਕਦੇ ਹਨ। ਅਪਰੇਸ਼ਨ ਮਹਾਦੇਵ ਦੇ ਵੇਰਵੇ ਦਿੰਦਿਆਂ ਸ਼ਾਹ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਸੁਲੇਮਾਨ ਉਰਫ਼ ਫੈਜ਼ਲ, ਅਫਗਾਨੀ ਤੇ ਜਿਬਰਾਨ ਵਜੋਂ ਹੋਈ ਹੈ। ਉਨ੍ਹਾਂ ਕਿਹਾ, ‘ਸੁਲੇਮਾਨ ਲਸ਼ਕਰ-ਏ-ਤਇਬਾ ਦਾ ਏ-ਸ਼੍ਰੇਣੀ ਦਾ ਕਮਾਂਡਰ ਸੀ ਜਦਕਿ ਅਫਗਾਨੀ ਵੀ ਏ-ਸ਼੍ਰੇਣੀ ਦਾ ਲਸ਼ਕਰ-ਏ-ਤਇਬਾ ਦਾ ਅਤਿਵਾਦੀ ਸੀ। ਜਿਬਰਾਨ ਵੀ ਇੱਕ ਲੋੜੀਂਦਾ ਅਤਿਵਾਦੀ ਸੀ। ਪਹਿਲਗਾਮ ਦੀ ਬੈਸਰਨ ਘਾਟੀ ’ਚ ਸਾਡੇ ਨਾਗਰਿਕਾਂ ਦੀ ਹੱਤਿਆ ’ਚ ਸ਼ਾਮਲ ਇਹ ਤਿੰਨੇ ਹੁਣ ਮਾਰੇ ਜਾ ਚੁੱਕੇ ਹਨ।’ ਸ਼ਾਹ ਨੇ ਕਿਹਾ ਕਿ ਅਤਿਵਾਦੀਆਂ ਦੀ ਪਛਾਣ ਦੀ ਪੁਸ਼ਟੀ ਉਨ੍ਹਾਂ ਲੋਕਾਂ ਤੋਂ ਹੋਈ ਹੈ ਜਿਨ੍ਹਾਂ ਨੂੰ ਪਹਿਲਗਾਮ ਹਮਲੇ ਤੋਂ ਪਹਿਲਾਂ ਉਨ੍ਹਾਂ ਨੂੰ ਪਨਾਹ ਦੇਣ ਤੇ ਭੋਜਨ ਮੁਹੱਈਆ ਕਰਾਉਣ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਮਾਰੇ ਗਏ ਦੋ ਅਤਿਵਾਦੀਆਂ ਦੇ ਪਾਕਿਸਤਾਨੀ ਵੋਟਰ ਸ਼ਨਾਖਤੀ ਕਾਰਡਾਂ ਦੇ ਨਾਲ-ਨਾਲ ਪਾਕਿਸਤਾਨ ’ਚ ਬਣੇ ਹਥਿਆਰ ਤੇ ਚਾਕਲੇਟ ਵੀ ਬਰਾਮਦ ਕੀਤੇ ਹਨ। ਪਹਿਲਗਾਮ ਹਮਲੇ ਤੇ ਆਮ ਲੋਕਾਂ ’ਤੇ ਪਾਕਿਸਤਾਨੀ ਗੋਲਾਬਾਰੀ ’ਚ ਮਾਰੇ ਗਏ ਵਿਅਕਤੀਆਂ ਲਈ ਦੁੱਖ ਜ਼ਾਹਿਰ ਕਰਦਿਆਂ ਸ਼ਾਹ ਨੇ ਕਿਹਾ ਕਿ ਆਮ ਲੋਕ ਮਾਰੇ ਗਏ ਅਤੇ ਕੁਝ ਗੁਰਦੁਆਰੇ ਤੇ ਮੰਦਰ ਪਾਕਿਸਤਾਨੀ ਗੋਲਾਬਾਰੀ ’ਚ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਤੋਂ ਜੰਮੂ ਕਸ਼ਮੀਰ ’ਚ ਅਤਿਵਾਦੀ ਭੇਜੇ ਜਾ ਰਹੇ ਹਨ ਕਿਉਂਕਿ ਕਸ਼ਮੀਰ ’ਚ ਕੋਈ ਸਥਾਨਕ ਅਤਿਵਾਦੀ ਨਹੀਂ ਹੈ।