DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਮੀਤ ਪਠਾਣਮਾਜਰਾ ਨੂੰ ਫੜਨ ਲਈ ਐੱਸ ਜੀ ਟੀ ਐੱਫ ਤਾਇਨਾਤ

ਹਰਿਆਣਾ ਦੇ ਪਿੰਡ ਡਬਰੀ ਪਹੁੰਚੀ ਟੀਮ; ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ
  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਨੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਤਾਇਨਾਤ ਕੀਤੀ ਗਈ ਹੈ, ਜਿਸ ਦੀ ਅਗਵਾਈ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਕਰ ਰਹੇ ਹਨ। ਇਹ ਘਟਨਾਕ੍ਰਮ ਬੀਤੇ ਦਿਨ ਕਰਨਾਲ ਦੇ ਡਬਰੀ ਪਿੰਡ ਤੋਂ ਵਿਧਾਇਕ ਪਠਾਣਮਾਜਰਾ ਦੇ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਤਕਰੀਬਨ 24 ਘੰਟੇ ਬਾਅਦ ਸਾਹਮਣੇ ਆਇਆ ਹੈ। ਪੁਲੀਸ ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੀਆਂ 5 ਗੱਡੀਆਂ ਵਿੱਚ ਸਵਾਰ ਟੀਮਾਂ ਦੇਰ ਰਾਤ ਕਰੀਬ 11 ਵਜੇ ਕਰਨਾਲ ਜ਼ਿਲ੍ਹੇ ਦੇ ਪਿੰਡ ਡਬਰੀ ਵਿੱਚ ਪਹੁੰਚੀਆਂ। ਇੱਥੇ ਪਹੁੰਚਦਿਆਂ ਹੀ ਟੀਮ ਨੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਪਿੰਡ ਵਿੱਚ ਪੰਚਾਇਤ ਵੱਲੋਂ ਲਗਾਏ ਗਏ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ। ਸਾਬਕਾ ਸਰਪੰਚ ਗੁਰਨਾਮ ਸਿੰਘ ਲਾਡੀ ਦੇ ਘਰ ਨੇੜੇ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਟੀਮ ਨੇ ਪਿੰਡ ਦੀਆਂ ਹੋਰ ਥਾਵਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ। ਪੁਲੀਸ ਦੀਆਂ ਟੀਮਾਂ ਨੂੰ ਹੁਣ ਤੱਕ ਨਾ ਤਾਂ ਵਿਧਾਇਕ ਪਠਾਣਮਾਜਰਾ ਤੇ ਨਾ ਹੀ ਸਾਬਕਾ ਸਰਪੰਚ ਗੁਰਨਾਮ ਲਾਡੀ ਦਾ ਕੁਝ ਪਤਾ ਲੱਗ ਸਕਿਆ ਹੈ। ਸੂਤਰ ਦੱਸਦੇ ਹਨ ਕਿ ਲਾਡੀ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਇਸ ਤੋਂ ਇਲਾਵਾ ਕਰਨਾਲ ਵਿੱਚ ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਦੇਰ ਰਾਤ ਡਬਰੀ ਪਿੰਡ ਦੇ ਮੌਜੂਦਾ ਸਰਪੰਚ ਸੁਰੇਸ਼ ਕੁਮਾਰ ਦੇ ਘਰ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਵੀ ਗਈ। ਸਰਪੰਚ ਨੇ ਪੁਲੀਸ ਨੂੰ ਕਿਹਾ ਕਿ ਸਾਬਕਾ ਸਰਪੰਚ ਤੇ ਵਿਧਾਇਕ ਕਿੱਥੇ ਗਏ ਹਨ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਲੰਘੀ ਸ਼ਾਮ ਨੂੰ ਵਿਧਾਇਕ ਹਰਮੀਤ ਸਿੰਘ ਅਤੇ ਸਾਬਕਾ ਸਰਪੰਚ ਵਿਰੁੱਧ ਪੰਜਾਬ ਦੀ ਸੀ ਆਈ ਏ ਪੁਲੀਸ ਨੇ ਕਰਨਾਲ ਦੇ ਸਦਰ ਥਾਣੇ ਵਿੱਚ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਤੇ ਪਥਰਾਅ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਬੀਤੇ ਦਿਨ ਸਵੇਰੇ ਕਰੀਬ 5 ਵਜੇ ਕਰਨਾਲ ਦੇ ਡਬਰੀ ਪਿੰਡ ਵਿੱਚ ਸਾਬਕਾ ਸਰਪੰਚ ਗੁਰਨਾਮ ਸਿੰਘ ਲਾਡੀ ਦੇ ਘਰ ਛਾਪਾ ਮਾਰ ਕੇ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਜਦੋਂ ਉਸ ਨੂੰ ਪਟਿਆਲਾ ਲਿਜਾਣ ਲੱਗੇ ਤਾਂ ਗੁਰਨਾਮ ਲਾਡੀ ਤੇ ਵਿਧਾਇਕ ਪਿੰਡ ਦੇ ਲੋਕਾਂ ਦੀ ਮਦਦ ਨਾਲ ਭੱਜਣ ’ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭੀੜ ਵਿੱਚੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਪਰ ਪੁਲੀਸ ਨੇ ਤਾਕਤ ਦੀ ਵਰਤੋਂ ਨਹੀਂ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਡੀ ਐਸ ਪੀ ਬਿਕਰਮਜੀਤ ਬਰਾੜ ਟੀਮ ਦੀ ਅਗਵਾਈ ਕਰ ਰਹੇ ਹਨ। ਬਰਾੜ ਉਨ੍ਹਾਂ ਪੁਲੀਸ ਕਰਮਚਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਨੂੰ ਖਤਮ ਕਰਨ ਵਿੱਚ ਮਿਸਾਲੀ ਹਿੰਮਤ ਦਿਖਾਉਣ ਲਈ ਰਾਸ਼ਟਰਪਤੀ ਦੇ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਡੀ ਐੱਸ ਪੀ ਬਰਾੜ ਪਹਿਲਾਂ ਵੀ ਇੱਕ ਹੋਰ ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰਨ ਵਾਲੀ ਮੁਹਿੰਮ ਦਾ ਵੀ ਹਿੱਸਾ ਸਨ।

Advertisement

ਮੇਰਾ ਮੁਕਾਬਲਾ ਬਣਾਉਣਾ ਚਾਹੁੰਦੀ ਸੀ ਪੁਲੀਸ: ਪਠਾਣਮਾਜਰਾ

ਪਟਿਆਲਾ/ਦੇਵੀਗੜ੍ਹ (ਅਮਨ ਸੂਦ/ਸੁਰਿੰਦਰ ਸਿੰਘ ਚੌਹਾਨ): ਪੁਲੀਸ ਦੀ ਗ੍ਰਿਫ਼ਤ ’ਚੋਂ ਫਰਾਰ ਹੋਣ ਤੋਂ ਬਾਅਦ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਪੁਲੀਸ ਪਾਰਟੀ ਉੱਤੇ ਉਸ ਦਾ ਐਨਕਾਊਂਟਰ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਪੁਲੀਸ ਉੱਤੇ ਕੋਈ ਵੀ ਗੋਲੀਬਾਰੀ ਜਾਂ ਹਵਾਈ ਫਾਇਰ ਨਹੀਂ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਪੁਲੀਸ ਦੀ ਉਸ ਦਾ ਐਨਕਾਊਂਟਰ ਕਰਨ ਦੀ ਯੋਜਨਾ ਸੀ। ਪਠਾਣਮਾਜਰਾ ਨੇ ਅੱਗੇ ਕਿਹਾ ਕਿ ਪੁਲੀਸ ਟੀਮ ਨੂੰ ਚਾਹ ਤੋਂ ਬਾਅਦ ਖਾਣਾ ਖੁਆਉਣ ਦੇ ਬਹਾਨੇ ਉਲਝਾ ਕੇ ਉਹ ਪਿੰਡ ਵਾਸੀਆਂ ਦੀ ਮਦਦ ਨਾਲ ਉਥੋਂ ਭੱਜਣ ਵਿੱਚ ਉਹ ਸਫਲ ਹੋ ਗਿਆ। ਉਸ ਨੇ ਕਿਹਾ ਕਿ ਪੁਲੀਸ ਵੱਲੋਂ ਉਸ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਠਾਣਮਾਜਰਾ ਨੇ ਕਿਹਾ ਕਿ ਕਰੀਬ 10 ਐੱਸ ਪੀ, 8 ਡੀ ਐੱਸ ਪੀ, ਇੰਸਪੈਕਟਰ ਤੇ ਵੱਡੀ ਗਿਣਤੀ ਵਿੱਚ ਪੁਲੀਸ ਉਸ ਦੇ ਪਿੱਛੇ ਲਗਾਈ ਸੀ ਕਿਉਂਕਿ ਪੁਲੀਸ ਉਸ ਨੂੰ ਗੈਂਗਸਟਰ ਸਾਬਤ ਕਰਕੇ ਐਨਕਾਊਂਟਰ ਕਰਨਾ ਚਾਹੁੰਦੀ ਸੀ। ਵਿਧਾਇਕ ਪਠਾਣਮਾਜਰਾ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਆਪਣੇ ਫ਼ਰਾਰ ਹੋਣ ਬਾਰੇ ਸਫ਼ਾਈ ਦਿੰਦਿਆਂ ਪੰਜਾਬ ਦੇ ਮੰਤਰੀਆਂ ਅਤੇ ਹੋਰ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਖੁੱਲ੍ਹ ਕੇ ਸਾਹਮਣੇ ਆਉਣ। ਦਿੱਲੀ ਵਾਲੇ ਕੁਝ ਨਹੀਂ ਕਰ ਸਕਣਗੇ ਸਗੋਂ ਇਹ ਪੰਜਾਬੀਆਂ ਦਾ ਸੁਭਾਅ ਪਰਖ ਰਹੇ ਹਨ। ਪਠਾਣਮਾਜਰਾ ਨੇ ਕਿਹਾ ਕਿ ਉਸ ਨੂੰ ਆਪਣੇ ਸੂਤਰਾਂ ਤੋਂ ਪਹਿਲਾਂ ਹੀ ਸੂਚਨਾ ਮਿਲ ਗਈ ਸੀ ਕਿ ਪੁਲੀਸ ਨੇ ਉਸ ਦੇ ਐਨਕਾਊਂਟਰ ਕਰਨ ਦੀ ਯੋਜਨਾ ਬਣਾਈ ਹੈ। ਇਸੇ ਕਾਰਨ ਉਸ ਨੇ ਮੌਕੇ ਤੋਂ ਖੁਦ ਨੂੰ ਬਚਾਉਂਦੇ ਹੋਏ ਉੱਥੋਂ ਹਟ ਜਾਣਾ ਸਹੀ ਸਮਝਿਆ। ਪਠਾਣਮਾਜਰਾ ਨੇ ਕਿਹਾ, ‘‘ਪੁਲੀਸ ਅਧਿਕਾਰੀ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਕਹਿ ਦੇਣ ਕਿ ਮੈਂ ਉਨ੍ਹਾਂ ’ਤੇ ਪਿਸਤੌਲ ਤਾਣੀ ਜਾਂ ਗੋਲੀ ਚਲਾਈ। ਪੁਲੀਸ ਦਬਾਅ ਹੇਠ ਝੂਠੇ ਬਿਆਨ ਦੇ ਰਹੀ ਹੈ। ਪੁਲੀਸ ਹੁਣ ਉਸ ’ਤੇ ਸਿੱਧਾ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’

ਪਠਾਣਮਾਜਰਾ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ

ਪਟਿਆਲਾ (ਪੱਤਰ ਪ੍ਰੇਰਕ): ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਢਿੱਲੋਂ (ਪਠਾਣਮਾਜਰਾ) ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਪ‌ਟਿਆਲਾ ਦੀ ਅਦਾਲਤ ’ਚ ਲਾਈ ਗਈ ਹੈ। ਇਸ ਬਾਰੇ ਉਸ ਦੇ ਵਕੀਲ ਵਿਕਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਧਾਇਕ ਪਠਾਣਮਾਜਰਾ ਵਿਰੁੱਧ ਦਰਜ ਹੋਏ ਕੇਸ ਬਾਰੇ ਅੱਜ ਉਨ੍ਹਾਂ ਪਟਿਆਲਾ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾ ਦਿੱਤੀ ਹੈ ਪਰ ਇਸ ਬਾਰੇ ਭਲਕੇ ਪਤਾ ਲੱਗੇਗਾ ਕਿ ਜ਼ਮਾਨਤ ਅਰਜ਼ੀ ਕਿਸ ਬੈਂਚ ਕੋਲ ਸੁਣਵਾਈ ਅਧੀਨ ਜਾਵੇਗੀ।

Advertisement
×